Punjabi Literature

ਪੰਜਾਬੀ ਸਾਹਿਤ punjabiliterature.blogspot.com

Tuesday, September 26, 2006

Darshan Buttar

ਦਰਦ ਮਜੀਠੀ : ਅਸਤਿਤਵੀ ਪ੍ਰਸ਼ਨਾਂ ਦੇ ਅਨੁਭਵੀ ਉੱਤਰ ਰਾਜਿੰਦਰ ਪਾਲ ਸਿੰਘ (ਡਾ) ਦਰਸ਼ਨ ਬੁੱਟਰ ਖੁੱਲ੍ਹੀ ਕਵਿਤਾ ਦਾ ਸੰਵੇਦਨਸ਼ੀਲ ਸ਼ਾਇਰ ਹੈ। ਉਸ ਦੀਆਂ ਪਿਛਲੀਆਂ ਕਵਿਤਾਵਾਂ ਵਿਚ ਵਧੇਰੇ ਮੈਂ ਦਾ ਤੂੰ ਨਾਲ ਸੰਵਾਦ ਹੈ। ਇਸੇ ਕਾਰਨ ਖੁੱਲ੍ਹੀ ਕਵਿਤਾ ਵਿਚੋਂ ਪ੍ਰਗੀਤ ਦਾ ਝਾਉਲਾ ਪੈਂਦਾ ਹੈ। ਉਸ ਦੀਆਂ ਕੁਝ ਕਵਿਤਾਵਾਂ ਵਿਚ ਭਾਵੇਂ ਸਮੂਹਿਕ ਮਾਨਵੀ ਦਰਦ ਨੂੰ ਕਾਵਿਕ ਹਮਦਰਦੀ ਨਾਲ ਪੇਸ਼ ਕੀਤਾ ਗਿਆ ਹੈ ਪਰ ਅਸਲ ਵਿਚ ਉਹ ਆਧੁਨਿਕ ਮਾਨਵ ਦੇ ਅਸਤਿੱਤਵੀ ਪ੍ਰਸ਼ਨਾਂ ਦਾ ਸ਼ਾਇਰ ਹੀ ਹੈ। ਦਰਸ਼ਨ ਦੇ ਬੁਨਿਆਦੀ ਪ੍ਰਸ਼ਨਾਂ ਨੂੰ ਕਾਵਿਕ ਬਿੰਬ ਵਿਚ ਢਾਲਣ ਦੀ ਉਸ ਕੋਲ ਅਨੋਖੀ ਜੁਗਤ ਹੈ। ਉਹ ਆਪਣਾ ਰਾਹ ਆਪ ਤਲਾਸ਼ਣ ਵਾਲਾ ਸ਼ਾਇਰ ਹੈ। ਸੂਖ਼ਮਤਾ, ਸੰਜਮਤਾ ਅਤੇ ਸਪਸ਼ਟਤਾ ਉਸ ਦੀ ਕਵਿਤਾ ਦਾ ਵਿਸ਼ੇਸ਼ ਗੁਣ ਹੈ। ਉਸ ਦੀ ਬਿੰਬ ਸਿਰਜਣਾ ਦਾ ਕਮਾਲ ਕੁਝ ਇਸ ਪ੍ਰਕਾਰ ਹੈ : ਸੌਖਾ ਤਾਂ ਨਹੀਂ ਨਾਜ਼ੁਕ ਪੋਟਿਆਂ ਨਾਲ ਸੜਕਾਂ ਤੋਂ ਉਮਰ ਭਰ ਸ਼ੀਸ਼ੇ ਦੀਆਂ ਕਿਰਚਾਂ ਚੁਗੀ ਜਾਣਾ ਫਿਰ ਵੀ ਤੂੰ ਮੈਨੂੰ ਇਕੱਠਾ ਕਰ ਲੈ ... ... ਸਮਕਾਲੀ ਕਵੀਆਂ ਵਿਚ ਦਰਸ਼ਟ ਬੁੱਟਰ ਆਪਣੀ ਵਿਸ਼ੇਸ਼ ਪਛਾਣ ਰਖਦਾ ਹੈ।ਉਸਦੀਆਂ ਪਹਿਲਾਂ ਚਾਰ ਪੁਸਤਕਾਂ ਔੜ ਦੇ ਬੱਦਲ(1985), ਸਲ੍ਹਾਬੀ ਹਵਾ(1994), ਸ਼ਬਦ ਸ਼ਹਿਰ ਤੇ ਰੇਤ(1996) ਅਤੇ ਖੜਾਵਾਂ(2001) ਛੱਪ ਚੁੱਕੀਆਂ ਹਨ,ਦਰਦ ਮਜੀਠੀ ਉਸਦੀ ਕਾਵਿ ਯਾਤਰਾ ਦਾ ਪੰਜਵਾਂ ਮੀਲ ਪੱਥਰ ਹੈ।ਮੈਨੂੰ ਇਹ ਕਹਿਣ ਵਿਚ ਕੋਈ ਸੰਕੋਚ ਨਹੀਂ ਹੈ ਕਿ ਉਸਨੇ ਹਰ ਪੁਸਤਕ ਨਾਲ ਨਵਾਂ ਕਦਮ ਪੁਟਿਆ ਹੈ। ਉਸਦੀ ਕਵਿਤਾ ਵਿਚ ਨਿਰੰਤਰ ਵਿਕਾਸ ਹੈ। ਕਾਵਿ ਇਤਿਹਾਸ ਤੇ ਨਜ਼ਰ ਮਾਰਿਆਂ ਪਤਾ ਚਲਦਾ ਹੈ ਕਿ ਕੁਝ ਕਵੀ ਆਪਣੀ ਪਹਿਲੀ ਪੁਸਤਕ ਨਾਲ ਹੀ ਝੰਡਾ ਗੱਡ ਦਿੰਦੇ ਹਨ ਅਤੇ ਫ਼ੇਰ ਨਿਰੰਤਰ ਉਹੀ ਪੱਧਰ ਬਣਾਈ ਰਖਦੇ ਹਨ।ਦੂਜੇ ਪਾਸੇ ਕੁਝ ਕਵੀ ਆਪਣੀ ਹੀ ਪਹਿਲੀ ਪੁਸਤਕ ਵਾਲਾ ਪੱਧਰ ਕਾਇਮ ਨਹੀਂ ਰੱਖ ਸਕਦੇ ਸਗੋਂ ਡਿਗ ਪੈਂਦੇ ਹਨ ਪਰ ਕੁਝ ਕਵੀ ਅਜਿਹੇ ਹੁੰਦੇ ਹਨ ਜਿਨ੍ਹਾਂ ਵਿਚ ਨਿਰੰਤਰ ਵਿਕਾਸ ਵੇਖਣ ਨੂੰ ਮਿਲਦਾ ਹੈ। ਦਰਸ਼ਨ ਬੁੱਟਰ ਦੀ ਕਵਿਤਾ ਵਿਚ ਵਿਸ਼ੇ ਪੱਖੋ ਹੀ ਨਹੀਂ ਸਗੋ ਵਿਚਾਰਧਾਰਾ ਅਤੇ ਰੂਪ ਪੱਖੋ ਵੀ ਨਿਖਾਰ ਆਇਆ ਹੈ।ਉਸਨੇ ਇਸ ਪੁਸਤਕ ਦੀ ਭੂਮਿਕਾਸ਼ਨੁਮਾ ਰੂਹ ਦੀ ਕਿਲਕਾਰੀ ਵਿਚ ਇਸ ਪੁਸਤਕ ਬਾਰੇ ਕਾਫੀ ਕੁਝ ਆਪਣੀ ਸੰਜਮੀ ਸ਼ੈਲੀ ਵਿਚ ਕਹਿ ਦਿਤਾ ਹੈ।ਕਵਿਤਾ ਦਾ ਆਨੰਦ ਤਾਂ ਕਵਿਤਾ ਪੜ੍ਹਕੇ ਹੀ ਆ ਸਕਦਾ ਹੈ।ਕਾਵਿ ਆਲੋਚਨਾ ਤਾਂ ਨਾ ਸਮਝ ਵਿਚ ਆਉਣ ਵਾਲੀਆਂ ਗੱਲਾਂ ਸਮਝਾ ਸਕਦੀ ਹੈ ਜਾਂ ਫਿ਼ਰ ਜੇ ਕਵਿਤਾ ਵਿਚ ਊਣ ਹੋਵੇ ਤਾਂ ਉਸ ਤੇ ਉਂਗਲ ਰੱਖ ਸਕਦੀ ਹੈ ਅਤੇ ਜੇ ਇਹ ਦੋਵੇਂ ਗੱਲਾਂ ਨਾ ਹੋਣ ਤਾਂ ਫਿਰ ਆਲੋਚਕ ਪਾਠਕ ਨੂੰ ਕਵਿਤਾ ਦੇ ਗੁਣ ਦੱਸਕੇ ਪੜ੍ਹਨ ਲਈ ਉਕਸਾ ਸਕਦਾ ਹੈ। ਮੇਰੀ ਸਮਝ ਅਨੁਸਾਰ ਦਰਦ ਮਜੀਠੀ ਵਿਚ ਕੋਈ ਊਣ ਨਹੀਂ ਹੈ ਅਤੇ ਸਮਝਦਾਰ ਪਾਠਕ ਨੂੰ ਇਹ ਸਮਝ ਆਪਣੇ ਆਪ ਆ ਜਾਂਦੀ ਹੈ, ਇਸ ਸਥਿਤੀ ਵਿਚ ਮੇਰੇ ਹਿੱਸੇ ਤਾਂ ਕੇਵਲ ਪੜ੍ਹਨਾ ਉਕਸਾਉਣ ਲਈ ਪ੍ਰਸੰਸਾ ਦੇ ਬੋਲ ਹੀ ਆਏ ਹਨ। ਇਹ ਸ਼ਬਦ ਤੁਹਾਡੇ ਨਾਲ ਸਾਂਝੇ ਕਰਦਾ ਹਾਂ। ਸਭ ਤੋਂ ਪਹਿਲਾਂ ਪੁਸਤਕ ਦਾ ਨਾਂ ਧਿਆਨ ਖਿਚਦਾ ਹੈ ਦਰਦ ਮਜੀਠੀ, ਮਜੀਠ ਸਬਦ ਗੁਰਬਾਣੀ ਵਿਚ ਵੀ ਆਉਂਦਾ ਹੈ,ਕੁਸੰਭੜੇ ਦੇ ਕੱਚੇ ਭਾਵ ਮਾਇਆ ਦੇ ਰੰਗ ਦੇ ਉਲਟ ,ਮਜੀਠ ਪੱਕੇ ਭਾਵ ਪ੍ਰਭੂ ਦੇ ਰੰਗ ਦੇ ਅਰਥਾਂ ਵਿਚ ਵਰਤਿਆ ਹੈ।ਸੋ ਇਹ ਪੱਕੇ ਦਰਦ ਦੀ ਗੱਲ ਹੈ। ਹੁਣ ਪ੍ਰਸ਼ਨ ਉਠਦਾ ਹੈ ਕਿ ਆਖਰ ਕਵੀ ਜਾਂ ਵਧੇਰੇ ਠੀਕ ਸ਼ਬਦਾਂ ਵਿਚ ਕਾਵਿ ਨਾਇਕ ਨੂੰ ਕਿਸ ਚੀਜ ਦਾ ਪੱਕਾ ਦਰਦ ਹੈ।ਉਹ ਭੂਮਿਕਾ ਵਿਚ ਲਿਖਦਾ ਹੈ,ਹਰ ਕੋਈ ਨਿੱਜ ਜਾਂ ਪਰ ਨਾਲ ਜੁੜੇ ਪਲਾਂ ਅਤੇ ਦਰਪੇਸ਼ ਦੁਸ਼ਵਾਰੀਆਂ ਦਾ ਸ਼ਾਖਸੀ ਹੁੰਦਾ ਹੈ। ਕਿਸੇ ਅਨੁਭਵ ਜਾਂ ਵਰਤਾਰੇ ਨੂੰ ਹੋਊ ਪਰ੍ਹੇ ਕਹਿ ਟਾਲਣਾ ਅਹਿਸਾਸਮੰਦਾਂ ਦੇ ਵੱਸ ਵਿਚ ਨਹੀਂ। ਇਸ ਇਕਬਾਲ ਦੇ ਬਾਵਜੂਦ ਦਰਸ਼ਨ ਬੁੱਟਰ ਦੀ ਕਵਿਤਾ ਵਿਚ ਨਾ ਤਾਂ ਨਿੱਜੀ ਦੁੱਖ (ਮਿੱਤਰਾਂ ਦੇ ਗ਼ਮ) ਦਾ ਰੁਦਨ ਹੈ ਅਤੇ ਨਾ ਹੀ ਤਥਾ ਕਥਿਤ ਦੁਨੀਆਂ (ਲੋਕਾਂ ਦੇ ਗ਼ਮ) ਦਾ ਨਾਅਰਾ ਨੁਮਾ ਸ਼ੋਰ ਹੈ ਭਾਵੇਂ ਅਸੀ ਜਾਣਦੇ ਹਾਂ ,ਉਸਦੀ ਜਿੰਦਗੀ ਵਿਚ ਨਿੱਜੀ ਦੁਖ ਵੀ ਹਨ ਅਤੇ ਉਹ ਦੁਨੀਆਂ ਦੇ ਦੁਖ ਦੇਖ ਕੇ ਵੀ ਪਸੀਜ ਜਾਂਦਾ ਹੈ।ਦਰਸ਼ਨ ਬੁੱਟਰ ਦਾ ਕਾਵਿ ਨਾਇਕ ਅਸਲ ਵਿਚ ਧਰਤੀ ਉਪਰ ਵਸਦੀ ਕੁੱਲ ਲੋਕਾਈ ਨੂੰ ਸੁਖੀ, ਸੁੰਦਰ,ਅਤੇ ਨਿਆਇਸ਼ੀਲ ਵੇਖਣ ਦਾ ਚਾਹਵਾਨ ਹੈ। ਉਸਦੇ ਦਿਲ ਅੰਦਰ ਰਿਸ਼ੀਆਂ ਮੁਨੀਆਂ ,ਪੈਗੰਬਰਾਂ ਵਾਲੇ ਦਰਦ ਦਾ ਅੰਸ਼ ਹੈ।ਸਿਧਾਰਥ ਰਾਜੇ ਦਾ ਪੁੱਤਰ ਸੀ,ਧਨ ਸੁੱਖ,ਪਤਨੀ ਸੁੱਖ,ਸੰਤਾਨ ਸੁੱਖ ਅਤੇ ਰਾਜ ਸੁੱਖ ਸਭ ਕੁਝ ਸੀ ਪਰ ਦੁਨੀਆਂ ਦਾ ਦੁੱਖ ਦੇਖਕੇ ਬੁੱਧ ਹੋ ਗਿਆ। ਉਦਾਸੀ, ਭਟਕਣ,ਦਰਦ ਸੰਵੇਦਨਸ਼ੀਲ ਬੰਦੇ ਦੇ ਸਦੀਵੀ ਸਾਥੀ ਹਨ। ਕਵੀ ਵੀ ਪੀਰਾਂ ਪੈਗੰਬਰਾਂ ਦੀ ਅੰਸ਼ ਬੰਸ ਹੁੰਦੇ ਹਨ, ਇਨ੍ਹਾਂ ਵਿਚ ਵੀ ਇਸ ਦਰਦ ਦਾ ਕਿਣਕਾ ਹੁੰਦਾ ਹੈ।ਇਹ ਕਿਣਕਾ ਬੁੱਟਰ ਦੇ ਹਿੱਸੇ ਵੀ ਆਇਆ ਹੈ। ਇਸ ਪੁਸਤਕ ਨੂੰ ਦਰਸ਼ਨ ਬੁੱਟਰ ਨੇ ਖੁਦ ਹੀ ਪ੍ਰਸ਼ਨ ਕਵਿਤਾਵਾਂ ਦਾ ਉਪ ਸਿਰਲੇਖ ਦਿੱਤਾ ਹੈ। ਸਮਕਾਲੀ ਪੰਜਾਬੀ ਕਵਿਤਾ ਇਹ ਇਕ ਨਵਾਂ ਪ੍ਰਯੋਗ ਹੈ ਵੈਸੇ ਇਹ ਵਿਧੀ ਢੇਰ ਪੁਰਾਣੀ ਹੈ, ਉਪਨਿਸ਼ਦ ਪ੍ਰਸ਼ਨੋਤਰੀ ਸ਼ੈਲੀ ਵਿਚ ਹੀ ਲਿਖੇ ਹੋਏ ਹਨ,ਨਚਿਕੇਤਾ ਯਮਰਾਜ ਤੋਂ ਜਿੰਦਗੀ ਅਤੇ ਮੌਤ ਰਹੱਸਾਂ ਬਾਰੇ ਪ੍ਰਸ਼ਨ ਪੁਛਦਾ ਹੈ। ਗੁਰੂ ਨਾਨਕ ਦੇਵ ਨੇ ਸਿਧ ਗੋਸਟਿ ਵਿਚ ਇਹੀ ਵਿਧੀ ਵਰਤੀ ਹੈ। ਜਪੁਜੀ ਵਿਚ ਇਸ ਵਿਧੀ ਦੇ ਦਰਸ਼ਨ ਕਿਵ ਸਚਿਆਰਾ ਹੋਈਐ ਕਿਵ ਕੁੜੈ ਤੁਟੈ ਪਾਲਿ ਵਾਲੀਆਂ ਪੰਕਤੀਆਂ ਵਿਚ ਵੀ ਹੁੰਦੇ ਹਨ।ਆਧੁਨਿਕ ਪੰਜਾਬੀ ਕਵਿਤਾ ਵਿਚ ਭਾਈ ਵੀਰ ਸਿੰਘ ਇਸ ਵਿਧੀ ਦੀ ਵਰਤੋਂ ਇਕ ਤੋਂ ਵਧੇਰੇ ਕਵਿਤਾਵਾਂ ਵਿਚ ਕਰਦਾ ਹੈ।ਧਿਆਨ ਦੇਣ ਵਾਲਾ ਨੁਕਤਾ ਹੈ ਕਿ ਦਰਸ਼ਨ ਬੁੱਟਰ ਪ੍ਰਸ਼ਨੋਤਰੀ ਵਿਧੀ ਵਰਤਕੇ ਵੀ ਪੂਰਵਲੇ ਕਵੀਆਂ ਤੋਂ ਦੋ ਗੱਲਾਂ ਕਰਕੇ ਭਿੰਨ ਹੈ, ਪਹਿਲੀ ਗੱਲ ਭਾਵੇਂ ਪ੍ਰਸ਼ਨ ਉੱਤਰ ਦੋਵੇ ਕਵੀ ਨੇ ਹੀ ਸਿਰਜਣੇ ਹੁੰਦੇ ਹਨ ਪਰ ਅਸਲ ਵਿਚ ਤਾਂ ਕਵੀ ਕੋਲ ਹਰ ਪ੍ਰਸ਼ਨ ਦੇ ਨਿਸ਼ਚਿਤ ਉੱਤਰ ਹੁੰਦੇ , ਉਸਨੇ ਆਪਣੇ ਨਿਸ਼ਚਿਤ ਮੱਤ ਦੇ ਪ੍ਰਗਟਾਵੇ ਲਈ ਪ੍ਰਸ਼ਨ ਘੜੇ ਹੁੰਦੇ ਹਨ।ਦਰਸ਼ਨ ਬੁੱਟਰ ਕੋਲ ਨਿਸ਼ਚਿਤ ੳuਤਰ ਨਹੀਂ ਹਨ , ਉਸਦੇ ਉੱਤਰ ਅਸਲ ਵਿਚ ੳuਤਰ ਨਾ ਹੋ ਕੇ ੳuਤਰਾਂ ਦੀ ਤਲਾਸ਼ ਹਨ। ਉਹ ਤਾਂ ਅਸਲ ਵਿਚ ਪਾਠਕਾਂ ਨਾਲ ਪ੍ਰਸ਼ਨ ਹੀ ਸਾਂਝੇ ਕਰਨੇ ਚਾਹੁੰਦਾ ਹੈ।ਇਸੇ ਲਈ ਉਹ ਉਤਰ ਵਿਚ ਆਖਰੀ ਸਚਾਈ ਦਰਜ ਕਰਨ ਦੀ ਥਾਂ ਬਿੰਬ ਸਿਰਜਦਾ ਹੈ।ਉਸਦੇ ਸਿਰਜੇ ਬਿੰਬਾਂ ਵਿਚ ਨਿੱਜਤਾ ਅਤੇ ਖਿਆਲ ਨੂੰ ਸਮੂਰਤ ਕਰਨ ਦੀ ਸ਼ਕਤੀ ਹੋਣ ਦੇ ਬਾਵਜੂਦ ਵਿਚਾਰਧਾਰਕ ਪੱਖੋਂ ਤਰਲਤਾ ਹੁੰਦੀ ਹੈ। ਉਹ ਪੈਗੰਬਰ ਨਹੀਂ ਸੋ ਉਸ ਕੋਲ ਪੈਗੰਬਰੀ ਸੁਰ ਵੀ ਨਹੀਂ ਹੈ,ਉਹ ਆਧੁਨਿਕ ਮਨੁੱਖ ਹੈ ਪਰ ਉਸ ਕੋਲ ਆਪਣੇ ਆਪ ਨੂੰ ਵਿਥ ਤੋਂ ਖਲੋ ਕੇ ਵੇਖਣ ਦੀ ਜਾਚ ਹੈ।ਇਸ ਪ੍ਰਕਾਰ ਉਸਦੀ ਕਵਿਤਾ ਇਕ ਤਰਾਂ ਨਾਲ ਸਵੈਸ਼ਸੰਵਾਦ ਹੈੇ। ਉਸਦੀ ਦੂਸਰੀ ਖਾਸੀਅਤ ਸੰਜਮਤਾ ਹੈ। ਪੰਜਾਬੀ ਵਿਚ ਸ਼ਲੋਕ, ਗ਼ਜ਼ਲ ਤੇ ਟੱਪੇ ਅਤੇ ਜਪਾਨੀ ਵਿਚ ਹਾਈਕੂ ਆਪਣੇ ਲਘੂ ਅਕਾਰਾਂ ਦੇ ਬਾਵਜੂਦ ਸੰਪੂਰਨ ਗੱਲ ਕਹਿਣ ਦੀ ਸਮਰਥਾ ਰਖਦੇ ਹਨ। ਦਰਸ਼ਨ ਬੁੱਟਰ ਦੀਆਂ ਬਹੁਤੀਆਂ ਕਵਿਤਾਵਾਂ ਵਿਚ ਟੱਪਿਆਂ ਵਰਗੀ ਸਾਦਗੀ ਅਤੇ ਸ਼ਲੋਕਾਂ ਵਰਗੀ ਡੂੰਘਾਈ ਦਿਖਾਈ ਦਿੰਦੀ ਹੈ। ਉਹ ਭਾਸ਼ਨ ਦੇਣ ਦੀ ਥਾਂ ਤੇ ਬਿੰਬ ਸਿਰਜਣ ਨੂੰ ਪਹਿਲਤਾ ਦਿੰਦਾ ਹੈ। ਉਦਾਹਰਨ ਵਜੋਂ ਅੱਗੇ ਦਿੱਤੀ ਕਵਿਤਾ ਵਾਚੀ ਜਾ ਸਕਦੀ ਹੈ। ?
ਸਹਿਜਤਾ :ਬੜਾ ਉਕਸਾਉਂਦੀਆਂ ‘ਇੱਟਾਂ’
ਕਿ ਤੂੰ ਵੀ ‘ਪੱਥਰ’ ਬਣ
ਬਣ ਨਾ ਸਕਿਆ ਪੱਥਰ
ਗਾਰਾ ਹੀ ਬਣਿਆ
ਸ਼ਰਮਸ਼ਾਰ ਇੱਟਾਂ ਨੇ ਛੇਕੜ ਘੁੱਟ ਲਿਆ ਮੈਨੂ..... (ਪੰਨਾ 72) ਉਸ ਨੇ ਵਿਰੋਧ ਜੁੱਟਾਂ ਵਿਚ ਖ਼ੂਬਸੂਰਤ ਬਿੰਬ ਸਿਰਜੇ ਹਨ। ਉਹ ਆਪਣੇ ਆਪ ਨੂੰ ਝਾਂਜਰ, ਚੁੱਲਾ, ਅੱਥਰ, ਸੇਕ, ਰੁੱਖ, ਛਾਂ, ਹੁੰਗਾਰਾ, ਇਸ਼ਾਰਾ ਅਤੇ ਸਭ ਤੋਂ ਵੱਧ ਕਵੀ ਵਜੋਂ ਤੁਲਨਾਉਂਦਾ ਹੈ। ਉਸ ਦੇ ਬਿੰਬ ਕੇਵਲ ਵਿਰੋਧ ਜੁੱਟ ਹੀ ਨਹੀਂ ਸਿਰਜਦੇ ਸਗੋਂ ਉਸ ਦੀਆਂ ਕਈ ਕਵਿਤਾਵਾਂ ਵਿਚ ਕਾਰਨ ਮਾਲਾ ਅਲੰਕਾਰ ਮੌਜੂਦ ਹੈ। ਉਸ ਨੇ ਕੁਝ ਬਿੰਬਾਂ ਦੀ ਜੜਤ ਕੁੰਡਲੀਏ ਛੰਦ ਵਰਗੀ ਰੱਖੀ ਹੈ। ਆਮ ਕਰਕੇ ਸਮਝਿਆ ਜਾਂਦਾ ਹੈ ਕਿ ਬਿੰਬ ਅਮੂਰਤ ਭਾਵਾਂ ਨੂੰ ਸਮੂਰਤ ਕਰਨ ਲਈ ਹੋਂਦ ਵਿਚ ਆਉਂਦੇ ਹਨ ਅਤੇ ਇੰਜ ਉਹ ਇੰਦਰਿਆਵੀ ਅਨੁਭਵਾਂ ਦੇ ਨੇੜੇ ਹੁੰਦੇ ਹਨ ਪਰ ਉਸ ਨੇ ਸੂਖ਼ਮ, ਮਨੋਵਿਗਿਆਨਕ ਸੁਹਜ ਭਰਪੂਰ ਬਿੰਬ ਵੀ ਸਿਰਜੇ ਹਨ। ਉਸ ਦੀ ਕਵਿਤਾ ਵਿਚ ਸਮਾਜਿਕ ਸਮੱਸਿਆਵਾਂ ਦਾ ਫਿਕਰ ਨਾਅਰੇ ਵਜੋਂ ਨਹੀਂ ਸਗੋਂ ਸੰਵੇਦਨਸ਼ੀਲ ਮਨ ਦੇ ਪ੍ਰਤੀਉਤਰ ਵਜੋਂ ਆਇਆ ਹੈ। ਉਸ ਨੇ ਔਰਤ ਦੇ ਦਰਦ ਨੂੰ ਜ਼ੁਬਾਨ ਦਿੱਤੀ ਹੈ ਪਰ ਇਸ ਵਿਚ ਸਭ ਕੁਝ ਸਹਿਜ ਸਮਾਇਆ ਹੋਇਆ ਹੈ।
? ਕਿੱਥੇ ਗਈਆਂ ਕੰਜਕਾਂ :
ਤੀਆਂ ਵਾਲੇ ਪਿੜਾਂ ਵਿਚ
ਦੱਬੀਆਂ ਪਈਆਂ
ਅਣਜੰਮੀਆਂ ਕੰਜਕਾਂ
.... ਗਰਕ ਜਾਏਗੀ ਧਰਤੀ
ਸ਼ਰਮ ਦੀ ਮਾਰੀ....
ਖ਼ਲਾਅ ‘ਚ ਭਟਕਣਗੇ ਛਿੰਦੇ ਪੁੱਤ ਮਾਵਾਂ ਦੇ ...
ਇਕ ਸਤਰ ਦਾ ਪ੍ਰਸ਼ਨ ਕਿ ਕਿੱਥੇ ਗਈਆਂ ਕੰਜਕਾਂ ? ਅਤੇ ਸੱਤ ਸਤਰਾਂ ਦਾ ਉਤਰ ਸਾਰੀ ਕਹਾਣੀ ਕਹਿ ਦਿੰਦਾ ਹੈ। ਤੀਆਂ ਵਾਲੇ ਪਿੜ ਵਿਚ ਦੱਬੀਆਂ ਪਈਆਂ ਅਣਜੰਮੀਆਂ ਕੰਜਕਾਂ ਦੇ ਪਿੱਛੇ ਲਗਾਈਆਂ ਬਿੰਦੀਆਂ ਬਹੁਤ ਕੁਝ ਕਹਿ ਜਾਂਦੀਆਂ ਹਨ। ਅਸੀਂ ਇਕ ਪਾਤੜਾਂ ਕਾਂਡ ਨੂੰ ਉਛਾਲੀ ਜਾਂਦੇ ਹਾਂ। ਅਸਲ ਵਿਚ ਤਾਂ ਸਾਰਾ ਪੰਜਾਬ ਹੀ ਪਾਤੜਾਂ ਵਾਲਾ ਖੂਹ ਬਣ ਚੁੱਕਾ ਹੈ। ਤੀਆਂ ਵਾਲੇ ਭਾਵ ਜਿ਼ੰਦਗੀ ਦੇ ਚਾਅ ਦੇ ਪਿੜਾਂ ਹੇਠ ਹੀ ਕੰਜਕਾਂ ਦੱਬੀਆਂ ਪਈਆਂ ਹਨ। ਕਵਿਤਾ ਦੀਆਂ ਆਖ਼ਰੀ ਦੋ ਸਤਰਾਂ ਆਉਣ ਵਾਲੇ ਸਮੇਂ ਵਿਚ ਲਿੰਗ ਸੰਤੁਲਨ ਵਿਗੜਨ ਨਾਲ ਪੈਦਾ ਹੋਣ ਵਾਲੀ ਸਮੱਸਿਆ ਦੀ ਅਗਾਊਂ ਚੇਤਾਵਨੀ ਹੈ। ਉਹ ਧਾਰਮਿਕ ਪਾਖੰਡਵਾਦ ਨਾਲ ਦੁਹਰੀ ਟੱਕਰ ਲੈਂਦਾ ਹੈ। ਉਹ ਕੇਵਲ ਬਾਹਰੀ ਆਡੰਬਰਾਂ ਨੂੰ ਹੀ ਨੰਗਾ ਨਹੀਂ ਕਰਦਾ ਸਗੋਂ ਉਸ ਦੀ ਕਵਿਤਾ ਵਿਚ ਧਾਰਮਿਕ ਆਡੰਬਰ ਬਿੰਬ ਬਣ ਕੇ ਵੀ ਆਉਂਦੇ ਹਨ। ਸਿਜਦਾ ਵਿਚ ਉਹ ਲਿਖਦਾ ਹੈ ਕਿ ਮੈਂ ਫੁੱਲਾਂ ਨੂੰ ਤੋੜ ਕੇ ‘ਪੱਥਰਾਂ’ ਨੂੰ ਮੱਥਾ ਨਹੀਂ ਟੇਕਦਾ ਅਤੇ ਇੰਜ ਹੀ ਦਿਸ਼ਾਹੀਣਤਾ ਵਿਚ ਉਹ ਲਿਖਦਾ ਹੈ ਕਿ ਕੁਰਾਹੇ ਪਏ ਪੈਰਾਂ ਦੀ ਮੈਲ਼ ਹੀ ਡੀਕੀ ਜਾਈਏ ਚਰਨਾਮਤ ਜਾਣ ਕੇ.... ਇੰਜ ਉਹ ਧਾਰਮਿਕ ਪਾਖੰਡ ਨੂੰ ਨੰਗਿਆਂ ਵੀ ਕਰਦਾ ਹੈ ਅਤੇ ਉਸ ਦੀ ਬਿੰਬ ਵਰਤੋਂ ਵੀ ਕਰਦਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਵਾਤਾਵਰਨ ਤਬਾਹ ਹੋ ਰਿਹਾ ਹੈ ਜਦੋਂ ਇਸ ਨੂੰ ਆਮ ਕਵੀ ਕਵਿਤਾ ਵਿਚ ਬੰਨ੍ਹਦਾ ਹੈ ਤਾਂ ਅਕਸਰ ਸਿੱਧਾ ਨਾਅਰਾ ਬਣ ਜਾਂਦਾ ਹੈ ਜਿਸ ਨਾਲ ਕਾਵਿ ਸੁਹਜ ਖਤਮ ਹੋ ਜਾਂਦਾ ਹੈ ਪਰ ਬੁੱਟਰ ਕੋਲ ਕਾਵਿ ਸੁਹਜ ਬਰਕਰਾਰ ਰੱਖਣ ਦੀ ਜੁਗਤ ਕਾਇਮ ਹੈ। ਇਸ ਪ੍ਰਸੰਗ ਵਿਚ ਤੂੰ ਤਾਂ ਕਬੂਤਰ ਸੀ ਅਤੇ ਖਿ਼ਮਾ ਕਵਿਤਾ ਵੇਖੀ ਜਾ ਸਕਦੀ ਹੈ। ਖਿ਼ਮਾ ਕਵਿਤਾ ਸਾਰੀ ਹੀ ਉਧਰਤ ਕਰਨਯੋਗ ਹੈ : ? ਖਿ਼ਮਾ .... : ਕੁਦਰਤ ਦੀਆਂ ਵਰੋਸਾਈਆਂ ਬਰਫ਼ ਲਪੇਟੀਆਂ ਖ਼ੂਬਸੂਰਤ ਵਾਦੀਆਂ ਤੋਂ
ਜਿਨ੍ਹਾਂ ਉਪਰ ਮੇਰੇ ਲਿੱਬੜੇ ਪੈਰ ਛੱਡ ਆਏ ਕਾਲੀਆਂ ਸੜਕਾਂ ਦੀ ਮੈਲ.... ਦਰਸ਼ਨ ਬੁੱਟਰ ਦੀ ਕਵਿਤਾ ਦੀ ਤਾਕਤ ਉਸ ਦਾ ਸੰਤੁਲਤ, ਸਹਿਜ, ਸੰਵੇਦਨਸ਼ੀਲਤਾ ਨਾਲ ਘੜੇ ਬਿੰਬ ਅਤੇ ਭਾਸ਼ਾ ਹਨ। ਉਹ ਵਿਚਾਰਧਾਰਕ ਪੱਖ ਤੋਂ ਦਮਗ਼ਜ਼ੇ ਨਹੀਂ ਮਾਰਦਾ ਅਤੇ ਨਾ ਹੀ ਪ੍ਰਸ਼ਨਾਂ ਦੇ ਸਥਾਈ ਹੱਲ ਦਿੰਦਾ ਹੈ ਸਗੋਂ ਸਹਿਜ ਹੀ ਤੁਹਾਡੇ ਨਾਲ ਤੁਹਾਡੇ ਵਰਗੀਆਂ, ਤੁਹਾਡੇ ਜਿਹੀਆਂ ਗੱਲਾਂ ਕਰਦਾ ਹੈ। ਅਜੋਕਾ ਸਮਾਂ ਧੁੰਦੂਕਾਰੇ ਦਾ ਹੈ। ਅਜਿਹੇ ਸਮੇਂ ਦਿਸ਼ਾਹੀਣਤਾ ਫੈਲੀ ਹੋਈ ਹੈ। ਕਾਵਿ ਨਾਇਕ ਆਪਣੀਆਂ ਸੀਮਾਵਾਂ ਜਾਣਦਾ ਹੈ ਪਰ ਸੀਮਾਵਾਂ ਅੰਦਰ ਕੁਝ ਕਰ ਗੁਜ਼ਰਨ ਦੀ ਅਭਿਲਾਸ਼ਾ ਵੀ ਹੈ, ਤਾਕਤ ਵੀ ਹੈ ਅਤੇ ਇਸ ਦਾ ਮਾਣ ਵੀ ਹੈ।ਉਸ ਵੱਲੋਂ ਵੱਡੇ ਦਾਅਵੇ ਨਹੀਂ ਹਨ ਪਰ ਉਹ ਆਪਣੇ ਹਿੱਸੇ ਆਉਂਦੀ ਭਲਾਈ ਕਰਨ ਤੋਂ ਇਨਕਾਰੀ ਨਹੀਂ ਹੈ। ਉਹ ਬੇਆਸੀ ਵਿਚ ਆਸ ਅਤੇ ਉਦਾਸੀ ਵਿਚ ਆਸ਼ਾ ਬਣਾਈ ਰਖਦਾ ਹੈ। ਉਹ ਸੰਘਰਸ਼ ਤੋਂ ਇਨਕਾਰੀ ਨਹੀਂ ਸਗੋਂ ਇਸ ਲਈ ਉਕਸਾਉਂਦਾ ਵੀ ਹੈ ਪਰ ਉਸ ਦਾ ਵਧੇਰੇ ਜ਼ੋਰ ਫੋਕਿਆਂ ਨਾਅਰਿਆਂ ਦੀ ਥਾਂ ਅਮਲੀ ਨਿਰੰਤਰ, ਅਡੋਲ ਸਹਿਜ ਚਾਲ ਤੇ ਟਿਕਿਆ ਹੋਇਆ ਹੈ। ਬਸ ਤੂੰ ਆਪਣੀ ਮੁਸਕਾਨ ਬਿਖ਼ੇਰੀ ਜਾ ਫੁੱਲਾਂ ‘ਚ ਮਹਿਕ ਆਪੇ ਭਰ ਜਾਏਗੀ.... ਬੱਸ ਤੂੰ ਆਪਣੀ ਚੁੱਪ ਉਚਾਰੀ ਜਾ ਧੁਖਦੇ ਬੋਲਾਂ ਦੀ ਤਪਸ਼ ਆਪੇ ਠਰ ਜਾਏਗੀ... ਆਪਣੇ ਕਾਵਿ ਬਾਰੇ ਉਸਨੂੰ ਜਾਪਦਾ ਹੈ ਕਿ ਬਹੁਤ ਕੁਝ ਅਣਪਕੜਿਆ ਪਿਆ ਹੈ। ਉਹ ਆਪਣੀ ਕਾਵਿ ਰਚਨਾ ਤੋਂ ਸੰਤੁਸ਼ਟ ਨਹੀਂ ਹੈ ਪਰ ਉਸ ਅੰਦਰ ਕੁਝ ਹੋਰ ਚੰਗਾ ਲਿਖਣ ਦੀ ਖ਼ਾਹਿਸ਼ ਹੈ। ਉਸ ਵਿਚ ਜਿ਼ੰਦਗੀ ਮਾਨਣ ਦੀ ਲੋਚਾ ਵੀ ਹੈ। ਉਮਰ ਦੇ ਅਧਖੜ ਜੀਵਨ ਦੇ ਝੋਰੇ ਵੀ ਹਨ। ਅਸਲ ਵਿਚ ਤਾਂ ਉਹ ਮਾਨਵੀ ਜੀਵਨ ਨੂੰ ਪੂਰੀ ਭਰਪੂਰਤਾ ਵਿਚ ਵਿਚਰਦਿਆਂ ਵੇਖਣਾ ਚਾਹੁੰਦਾ ਹੈ। ਉਹ ਆਰਥਿਕ ਥੁੜਾਂ ਦੇ ਵੀ ਰੂ-ਬ-ਰੂ ਹੈ। ਉਸ ਨੂੰ ਅਹਿਸਾਸ ਹੈ ਕਿ ਖੇਤਾਂ ਵਿਚ ਸਲਫਾਸ ਉਗਦੀ ਹੈ। ਇਸ ਪ੍ਰ਼ਕਾਰ ਅਸੀਂ ਦੇਖਦੇ ਹਾਂ ਕਿ ਉਸਦੀ ਕਵਿਤਾ ਬੁਨਿਆਦੀ ਪ੍ਰਸ਼ਨਾਂ ਦੇ ਰੂਬਰੂ ਹੈ। ਉਹ ਜਿ਼ੰਦਗੀ ਦੇ ਵਿਭਿੰਨ ਰੰਗ ਪਕੜਦਾ ਹੈ ਤੇ ਉਨ੍ਹਾਂ ਰਾਹੀਂ ਵਡੇਰੇ ਅਰਥ ਉਪਜਾਉਂਦਾ ਹੈ। ਉਹ ਬੱਧੇ-ਰੁੱਧੇ ਰਾਜਸੀ ਅਤੇ ਨੈਤਿਕੀ ਭਾਸ਼ਨਾਂ ਤੋਂ ਪਰੇ ਵਿਚਰਦਾ ਹੈ। ਉਸ ਦੀ ਰਚਨਾ ਵਿਚ ਸਵੈ-ਵਿਸਲੇਸ਼ਣ ਬਹੁਤ ਹੈ ਪਰ ਨਾਲ ਦੀ ਨਾਲ ਮੁਹੱਬਤੀ ਸੰਵਾਦ ਵੀ ਹਾਜ਼ਰ ਹੈ। ਉਸ ਦਾ ਜਿ਼ੰਦਗੀ ਦਾ ਫਲਸਫਾ ਸਮਝਣ ਲਈ ਉਸ ਦੀ ਕਵਿਤਾ ਵਿਚੋਂ ਗੁਜ਼ਰਨਾ ਪਵੇਗਾ। ਮੇਰੀ ਸਮਝ ਅਨੁਸਾਰ ਇਹ ਪੁਸਤਕ ਬਹੁਤ ਵਧੀਆ ਹੈ ਪਰ ਇਹ ਇਕ ਮੀਲ-ਪੱਥਰ ਹੈ। ਉਸ ਦੀ ਮੰਜ਼ਲ ਕਿਤੇ ਅਗੇਰੇ ਹੈ। ਉਸ ਨੇ ਸੰਵੇਦਨਾਂ ਨੂੰ ਚੇਤਨਾ ਦੇ ਰਾਹ ਤੇ ਹੋਰ ਅੱਗੇ ਤੋਰ ਕੇ ਸੰਘਰਸ਼ ਦੀ ਪਰਚਮ ਲਹਿਰਾਉਣਾ ਹੈ।
ਰਾਜਿੰਦਰ ਪਾਲ ਸਿੰਘ (ਡਾ) ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

0 Comments:

Post a Comment

Subscribe to Post Comments [Atom]

<< Home