Punjabi Literature

ਪੰਜਾਬੀ ਸਾਹਿਤ punjabiliterature.blogspot.com

Monday, September 04, 2006

Pash ਪਾਸ਼


ਪਾਸ਼ ਜਿਸ ਦਾ ਪੂਰਾ ਨਾਂ ਅਵਤਾਰ ਸਿੰਘ ਸੰਧੂ ਸੀ, ਦਾ ਜਨਮ 9ਸਤੰਬਰ,1950 ਨੂੰ ਤਲਵੰਡੀ ਸਲੇਮ, ਜਿਲਾ ਜਲੰਧਰ ਵਿਚ ਮਾਤਾ ਸ੍ਰੀਮਤੀ ਨਸੀਬ ਕੌਰ ਅਤੇ ਪਿਤਾ ਸ੍ਰੀ ਸੋਹਣ ਸਿੰਘ ਦੇ ਘਰ ਹੋਇਆ। ਨਕਸਲਬਾੜੀ ਲਹਿਰ ਨਾਲ ਸੰਬੰਧ ਰਹੇ,ਝੂਠਾ ਕਤਲ ਕੇਸ ਵੀ ਬਣਿਆ ,ਗ੍ਰਿਫ਼ਤਾਰ ਹੋਏ ਅਤੇ ਬਾਅਦ ਵਿਚ ਬਰੀ ਹੋਏ । ਰੇਲਵੇ ਹੜਤਾਲ ਸਮੇ ਦੁਬਾਰਾ ਗ੍ਰਿਫ਼ਤਾਰ ਹੋਏ। ਤਿੰਨ ਕਾਵਿ ਸੰਗ੍ਰਿਹ ਲੋਹ ਕਥਾ 1970, ਉਡਦੇ ਬਾਜ਼ਾਂ ਮਗਰ 1974 ਅਤੇ ਸਾਡੇ ਸਮਿਆਂ ਵਿਚ 1978 ਛਪੇ। 1978 ਵਿਚ ਹੀ ਰਾਜਵਿੰਦਰ ਕੌਰ ਨਾਲ ਸ਼ਾਦੀ ਹੋਈ ਅਤੇ1982ਵਿਚ ਧੀ ਵਿੰਕਲ ਦਾ ਜਨਮ ਹੋਇਆ। ਪਾਸ਼ ਦਾ ਮੁੱਢ ਤੋਂ ਹੀ ਰਸਮੀ ਬੁਰਜੂਆ ਪੜ੍ਹਾਈ ਅਤੇ ਨੌਕਰੀ ਵਿਚ ਮਨ ਨਹੀਂ ਲੱਗਿਆ। ਪਹਿਲਾਂ ਅੱਠਵੀਂ ਤੋਂ ਬਾਅਦ 1964 ਵਿਚ ਜੂਨੀਅਰ ਟੈਕਨੀਕਲ ਸਕੂਲ, ਕਪੂਰਥਲਾ ਵਿਖੇ ਦਾਖਲਾ ਲਿਆ ਪਰ ਡਿਪਲੋਮਾ ਪਾਸ ਨਹੀਂ ਕੀਤਾ। 1967 ਵਿਚ ਬਾਰਡਰ ਸਕਿਉਰਟੀ ਫੋਰਸ ਵਿਚ ਭਰਤੀ ਹੋ ਕੇ ਤਿੰਨ ਮਹੀਨੇ ਮਗਰੋਂ ਨੌਕਰੀ ਛੱਡ ਦਿੱਤੀ। ਬਹੁਤ ਬਾਅਦ 1976 ਵਿਚ ਮੈਟ੍ਰਿਕ, ਗਿਆਨੀ, ਬੀ ਏ ਭਾਗ ਪਹਿਲਾ ਦੀ ਪ੍ਰੀਖਿਆ ਪਾਸ ਕੀਤੀ ਅਤੇ 1978 ਵਿਚ ਜੇ ਬੀ ਟੀ ਕੀਤੀ। 1979 ਵਿਚ ਗੁਰੂ ਨਾਨਕ ਨੈਸ਼ਨਲ ਮਾਡਲ ਸਕੂਲ ਉੱਗੀ ਪਿੰਡ ਵਿਚ ਸ਼ੁਰੂ ਕੀਤਾ।
ਇਨ੍ਹਾ ਸਮਿਆਂ ਵਿਚ ਹੀ ਉਹ ਲੋਕ ਚੇਤਨਾ ਦੇ ਪਾਸਾਰ ਲਈ ਸਿਆੜ, ਹੇਮ ਜਯੋਤੀ, ਹਾਕ ਅਤੇ ਐਂਟੀ ਸੰਤਾਲੀ ਫਰੰਟ ਵਰਗੇ ਮੈਗਜ਼ੀਨ ਵੀ ਕਢਦੇ ਰਹੇ। ਕੁਝ ਦੇਰ ਲਈ ਇੰਗਲੈਂਡ ਅਤੇ ਅਮਰੀਕਾ ਵੀ ਗਏ। ਸਾਰੀ ਉਮਰ ਲੋਕ ਹਿਤੂ ਵਿਚਾਰਧਾਰਾ ਨਾਲ ਜੁੜੇ ਰਹੇ ਅਤੇ ਅੰਤ ਆਪਣੇ ਵਿਚਾਰਾਂ ਖਾਤਰ ਹੀ 23 ਮਾਰਚ 1988 ਨੂੰ ਖਾਲਿਸਥਾਨੀ ਅੱਤਵਾਦੀਆਂ ਹੱਥੋਂ ਆਪਣੇ ਮਿੱਤਰ ਹੰਸ ਰਾਜ ਨਾਲ ਆਪਣੇ ਜੱਦੀ ਪਿੰਡ ਤਲਵੰਡੀ ਸਲੇਮ ਵਿਚ ਸ਼ਹੀਦ ਹੋ ਗਏ।ਸ਼ਹਾਦਤ ਉਪਰੰਤ ਪਾਸ਼ ਦੀਆਂ ਅਣਛਪੀਆਂ ਕਵਿਤਾਵਾਂ ਖਿੱਲਰੇ ਹੋਏ ਵਰਕੇ, ਪਾਸ਼ ਦੀਆਂ ਚਿੱਠੀਆਂ ਅਤੇ ਉਸ ਦੀ ਡਾਇਰੀ ਆਪਣੇ ਆਪ ਨਾਲ ਗੱਲਾਂ ਸਿਰਲੇਖ ਅਧੀਨ ਛਪੀਆਂ।
ਮੈਂ ਹੁਣ ਵਿਦਾ ਹੁੰਦਾ ਹਾਂ
ਮੈਂ ਹੁਣ ਵਿਦਾ ਹੁੰਦਾ ਹਾਂ ਪਾਸ਼ ਦੀ ਸਮੁੱਚੀ ਕਵਿਤਾ ਵਿਚੋਂ ਸੰਗ੍ਰਹਿਤ ਹੈ। ਪਾਸ਼ ਦੀ ਪ੍ਰਤਿਭਾ ਯੁੱਗ ਵਰਤਾਰਾ ਸੀ। ਉਸ ਦੀ ਕਵਿਤਾ ਗੌਰਵ ਨਾਲ ਜ਼ਿੰਦਗੀ ਜਿਉਣ ਦੀ ਤੀਬਰ ਤੜਪ ਰੱਖਣ ਵਾਲੇ ਮਿਹਨਤਕਸ਼ਾਂ ਦੀ ਆਵਾਜ਼ ਹੈ। ਪਾਸ਼ ਮਨੁੱਖ ਹੱਥੋਂ ਮਨੁੱਖ ਦੀ ਹੋ ਰਹੀ ਲੁੱਟ ਨੂੰ ਖਤਮ ਕਰਕੇ ਗੌਰਵਸ਼ਾਲੀ ਮਾਨਵੀ ਜ਼ਿੰਦਗੀ ਜਿਉਣ ਦਾ ਕੇਵਲ ਚਾਹਵਾਨ ਹੀ ਨਹੀਂ ਸੀ ਸਗੋਂ ਸੰਘਰਸ਼ਸ਼ੀਲ ਵੀ ਸੀ। ਪਾਸ਼ ਨਾਬਰੀ ਤੇ ਬਰਾਬਰੀ ਦਾ ਸ਼ਾਇਰ ਸੀ। ਉਸ ਦੀ ਕਵਿਤਾ ਦੀ ਅਸਲ ਤਾਕਤ ਸਥਾਪਤ ਰਾਜਸੱਤਾ ਅਤੇ ਉਸ ਦੇ ਸਾਰੇ ਦਮਨ ਤੰਤਰ ਪ੍ਰਤੀ ਨਾਬਰੀ ਅਤੇ ਦੂਸਰੇ ਪਾਸੇ ਸਮੂਹ ਇਨਸਾਨਾਂ ਦਰਮਿਆਨ ਬਰਾਬਰੀ ਦੀ ਲੋਚਾ ਹੈ। ਪਾਸ਼ ਦੀ ਖੂਬਸੂਰਤੀ ਇਸ ਗੱਲ ਵਿਚ ਹੈ ਕਿ ਉਹ ਵਿਰਾਟ ਰਾਜਸੱਤਾ ਦੇ ਭਿਅੰਕਰ ਰੂਪ ਅੱਗੇ ਲ੍ਹੇਲੜੀਆਂ ਕੱਢਣ ਦੀ ਥਾਂ ਤਣ ਕੇ ਜਿਉਣ ਦੀ ਗਾਥਾ ਕਹਿੰਦਾ ਹੈ। ਭਾਵੇਂ ਮਾਰਕਸਵਾਦੀ ਵਿਚਾਰਧਾਰਾ ਉਸ ਦੀ ਪ੍ਰੇਰਕ ਸ਼ਕਤੀ ਸੀ ਪਰ ਉਹ ਇਸ ਨੂੰ ਵੀ ਵਿੱਥ ਤੇ ਖੜੋ ਕੇ ਵੇਖਣ ਦਾ ਸਾਹਸ ਰਖਦਾ ਸੀ।
ਖੇਤਾਂ ਦੇ ਪੁੱਤ ਪਾਸ਼ ਨੇ ਕਿਸਾਨੀ ਜੀਵਨ ਨੂੰ ਰੋਮਾਂਸਵਾਦੀ ਧੁੰਦ ਦੀ ਥਾਂ ਯਥਾਰਥ ਦੀ ਧੁੱਪ ਵਿਚ ਦੇਖਿਆ। ਜਦੋਂ ਤਕ ਮਨੁੱਖ ਅੰਦਰ ਖੂਬਸੂਰਤ ਜ਼ਿੰਦਗੀ ਜਿਉਣ ਦੀ ਲੋਚਾ ਬਰਕਰਾਰ ਰਹੇਗੀ, ਉਦੋਂ ਤਕ ਪਾਸ਼ ਕਾਵਿ ਦੀ ਪ੍ਰਸੰਗਿਕਤਾ ਬਣੀ ਰਹੇਗੀ ਕਿਉਂਕਿ ਉਸ ਦੀ ਕਵਿਤਾ ਜ਼ਿੰਦਗੀ ਲਈ ਤੜਪ ਨੂੰ ਪੇਸ਼ ਕਰਦੀ ਹੈ,ਇਸੇ ਲਈ ਉਹ ਜ਼ਿੰਦਗੀ ਖ਼ਾਤਰ ਮੌਤ ਨੂੰ ਵੀ ਪਰਵਾਨ ਕਰਦਾ ਹੈ।

0 Comments:

Post a Comment

Subscribe to Post Comments [Atom]

<< Home