Sukhwinder Amrit by charanjeet Kaur
ਧੁੱਪ ਦੀ ਚੁੰਨੀ : ਗੰਭੀਰਤਾ ਵੱਲ ਵਧਦੇ ਕਦਮ
ਸੁਖਵਿੰਦਰ ਅੰਮ੍ਰਿਤ਼ ਦੇ ਕਾਵਿ ਸਫਰ ਦਾ ਆਰੰਭ 1997 ਵਿਚ ਸੂਰਜ ਦੀ ਦਹਿਲੀਜ਼ ਗ਼ਜ਼ਲ ਸੰਗ੍ਰਹਿ ਦੇ ਪ੍ਰਕਾਸਿ਼ਤ ਹੋਣ ਨਾਲ ਹੋਇਆ ਅਤੇ ਪੰਜਾਬੀ ਸਾਹਿਤ ਦੇ ਤਾਰਾ ਮੰਡਲ ਵਿਚ ਉਸ ਦੀ ਕਵਿਤਾ ਨੇ ਬੋਦੀ ਵਾਲੇ ਤਾਰੇ ਵਾਂਗ ਧਿਆਨ ਖਿੱਚਿਆ ਅਤੇ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਹੋਈਆਂ। ਇਸ ਉਪਰੰਤ ਉਸ ਦੇ ਦੂਜੇ ਗ਼ਜ਼ਲ ਸੰਗ੍ਰਹਿ ਚਿਰਾਗਾਂ ਦੀ ਡਾਰ (1999) ਅਤੇ ਖੁੱਲ੍ਹੀਆਂ ਕਵਿਤਾਵਾਂ ਦਾ ਸੰਗ੍ਰਹਿ ਕਣੀਆਂ(2000) ਪ੍ਰਕਾਸਿ਼ਤ ਹੋਣ ਤੋਂ ਬਾਅਦ ਉਹ ਪੂਰੀ ਤਰ੍ਹਾਂ ਉਭਰ ਚੁੱਕੀ ਸੀ। ਉਸ ਦੀ ਚੌਥੀ ਪੁਸਤਕ ਪਰ ਤੀਜਾ ਗ਼ਜ਼ਲ ਸੰਗ੍ਰਹਿ ਪੱਤਝੜ ਵਿਚ ਪੁੰਗਰਦੇ ਪੱਤੇ (2002) ਛਪਣ ਤਕ ਉਹ ਪੂਰੀ ਤਰ੍ਹਾਂ ਸਥਾਪਤ ਕਵਿੱਤਰੀ ਬਣ ਚੁੱਕੀ ਸੀ ਅਤੇ 2003 ਵਿਚ ਉਸ ਦੀ ਸੰਪਾਦਤ ਗ਼ਜ਼ਲ ਸੰਗ੍ਰਹਿ ਕੇਸਰ ਦੇ ਛਿੱਟੇ ਵੀ ਪ੍ਰਕਾਸਿ਼ਤ ਹੋ ਚੁੱਕੀ ਸੀ। ਇੰਜ ਉਪਰੋਥਲੀ ਉਸ ਦੀਆਂ ਕਾਵਿ ਪੁਸਤਕਾਂ ਨੇ ਆਪਣਾ ਇਕ ਪਾਠਕ ਵਰਗ ਪੈਦਾ ਕਰ ਲਿਆ ਜਿਸ ਵਿਚ ਉਹ ਅੱਲ੍ਹੜ ਮੁੰਡੇ ਕੁੜੀਆਂ ਵਿਚ ਇਸ ਤਰ੍ਹਾਂ ਪੜ੍ਹੀ ਅਤੇ ਸੁਣੀ ਜਾਣ ਲੱਗੀ ਜਿਵੇਂ ਕਿਸੇ ਸਮੇਂ ਸਿ਼ਵ ਕੁਮਾਰ ਪੜ੍ਹਿਆ ਜਾਂ ਸੁਣਿਆ ਜਾਂਦਾ ਸੀ। ਹੁਣ ਚਾਰ ਸਾਲ ਦੇ ਵਕਫੇ ਮਗਰੋਂ ਉਸ ਦਾ ਸੱਜਰਾ ਕਾਵਿ-ਸੰਗ੍ਰਹਿ ‘ਧੁੱਪ ਦੀ ਚੁੰਨੀ‘ ਪਾਠਕਾਂ ਤਕ ਪਹੁੰਚ ਚੁੱਕਾ ਹੈ। ਆਪਣੇ ਕਾਵਿ ਸਫ਼ਰ ਦੇ ਇਕ ਦਹਾਕੇ ਵਿਚ ਉਸ ਨੇ ਪੰਜਾਬੀ ਕਵਿਤਾ ਵਿਚ ਉਹ ਪ੍ਰਸਿੱਧੀ ਹਾਸਿਲ ਕਰ ਲਈ ਜੋ ਬਹੁਤ ਘੱਟ ਲੇਖਕਾਂ ਨੂੰ ਨਸੀਬ ਹੁੰਦੀ ਹੈ। ਅੱਜ ਪੰਜਾਬੀ ਕਵਿਤਾ ਦਾ ਕੋਈ ਦਰਬਾਰ ਜਾਂ ਮੁਸ਼ਾਇਰਾ ਮੁਕੰਮਲ ਨਹੀਂ ਸਮਝਿਆ ਜਾਂਦਾ ਜਿਸ ਵਿਚ ਸੁਰਜੀਤ ਪਾਤਰ ਤੇ ਸੁਖਵਿੰਦਰ ਅੰਮ੍ਰਿਤ ਨਾ ਹੋਣ। ਜਿਵੇਂ ਸਮੁੰਦਰ ਦੇ ਕੰਢੇ ਤੇ ਖੜੋ ਕੇ ਲਹਿਰਾਂ ਨਾਲ ਖੇਡਿਆ ਤਾਂ ਜਾ ਸਕਦਾ ਹੈ ਪਰ ਉਸ ਵਿਚ ਡੁੱਬੇ ਬਿਨਾ ਉਸਦੀ ਹਾਥ ਨਹੀਂ ਪਾਈ ਜਾ ਸਕਦੀ, ਇਸੇ ਤਰ੍ਹਾਂ ਸੁਖਵਿੰਦਰ ਦੀ ਕਵਿਤਾ ਸਮੁੰਦਰ ਹੈ ਜਿਸਦੇ ਕੰਢੇ ਤੋਂ ਲਹਿਰਾਂ ਵਰਗੇ ਉਸਦੇ ਸ਼ੇਅਰ ਜਦੋਂ ਛੱਲਾਂ ਬਣ ਗੁਜ਼ਰਦੇ ਹਨ ਤਾਂ ਕਿੰਨੇ ਹੀ ਘੋਗੇ, ਸਿੱਪੀਆਂ, ਮੋਤੀ ਤੇ ਸੰਖ ਆਦਿ ਹੱਥ ਵਿਚ ਆ ਜਾਂਦੇ ਹਨ ਪਰ ਉਸਦੀ ਕਵਿਤਾ ਦੀ ਹਾਥ ਪਾਉਣ ਲਈ ਉਸ ਵਿਚ ਡੁੱਬਣਾ ਪੈਂਦਾ ਹੈ ਤੇ ਸਮੁੰਦਰ ਵਿਚ ਡੁੱਬਣ ਤੋਂ ਮਗਰੋਂ ਕੋਈ ਮਨੁੱਖ ਬਚਿਆ ਹੈ ਭਲਾ? ਮੇਰੇ ਨਾਲ ਵੀ ਇੰਜ ਹੀ ਹੋਇਆ। ਮੇਰੇ ਵੱਲੋਂ ਕੰਢੇ ਤੋਂ ਇਕੱਠੇ ਕੀਤੇ ਘੋਗੇ, ਸਿੱਪੀਆਂ ਤੇ ਮੋਤੀ ਸਮੁੰਦਰ ਵਿਚ ਹੀ ਬਿਖਰ ਗਏ ਤੇ ਜਿਉਂ ਜਿਉਂ ਉਸਦੀ ਕਵਿਤਾ ਵਿਚ ਡੁੱਬੀ ਉਸਦੀ ਗਹਿਰਾਈ ਹੋਰ ਡੂੰਘੀ ਹੁੰਦੀ ਗਈ। ਇਸ ਤੋਂ ਪਹਿਲਾਂ ਉਸ ਦੀ ਕਵਿਤਾ ਤੇ ਚਰਚਾ ਦਾ ਕਾਰਨ ਜਿੱਥੇ ਉਸ ਦਾ ਔਰਤ ਹੋਣਾ, ਮੁਟਿਆਰ ਔਰਤ ਹੋਣਾ, ਖ਼ੂਬਸੂਰਤ ਔਰਤ ਹੋਣ ਦੇ ਨਾਲ ਅੱਲ੍ਹੜ ਮੁਹੱਬਤ ਦੇ ਭਾਵਾਂ ਦੀ ਕਵਿਤਾ(ਟੀਨ ਏਜਰ ਪੋਇਟਰੀ) ਰਚਣਾ ਸੀ ਉਥੇ ਔਰਤ ਦੇ ਲਈ ਵਰਜਿਤ ਫਲ ਮੁਹੱਬਤ ਦੀ ਖ਼ਾਹਿਸ਼ ਦਾ ਬੇਬਾਕੀ ਨਾਲ ਪੇਸ਼ ਹੋਣਾ ਸੀ। ਇਹ ਉਹ ਸਮਾਂ ਸੀ ਜਦੋਂ ਪੰਜਾਬੀ ਸਾਹਿਤ ਵਿਚ ਔਰਤ ਆਪਣੇ ਆਪ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਤ ਕਰ ਰਹੀ ਸੀ, ਵਿਸ਼ੇਸ਼ ਕਰਕੇ ਮੁਹੱਬਤ ਵਿਚ ਆਪਣਾ ਅਸਤਿੱਤਵ ਬਰਕਰਾਰ ਰੱਖਣ ਵਰਗੇ ਅਜਿਹੇ ਵਿਸ਼ੇ ਸਨ ਜੋ ਮਰਦ ਲੇਖਕਾਂ ਲਈ ਤਾਂ ਭਾਵੇਂ ਨਵੇਂ ਨਹੀਂ ਸਨ ਪਰ ਔਰਤ ਲਈ ਇਹ ਜ਼ਰੂਰ ਨਵੇਂ ਸਨ। ਇਸ ਤੋਂ ਪਹਿਲਾਂ ਅੰਮ੍ਰਿਤਾ ਪ੍ਰੀਤਮ ਨੇ ਇਨ੍ਹਾਂ ਵਰਜਿਤ ਵਿਸਿ਼ਆਂ ਤੇ ਕਵਿਤਾ ਰਚ ਕੇ ਪੰਜਾਬੀ ਕਵਿੱਤਰੀਆਂ ਲਈ ਪਗਡੰਡੀ ਦਾ ਕੰਮ ਕੀਤਾ ਪਰ ਉਸ ਦੀ ਕਵਿਤਾ ਵਿਚ ਪਾਕਿ ਮੁਹੱਬਤ ਅੱਗੇ ਸਮਰਪਣ ਹੈ ਅਤੇ ਔਰਤ ਮਰਦ ਦੇ ਅਸਾਵੇਂ ਰਿਸ਼ਤਿਆਂ ਦੀ ਤ੍ਰਾਸਦੀ ਦਾ ਜਿਕਰ ਹੈ। ਸੁਖਵਿੰਦਰ ਨੇ ਵੀ ਆਪਣੇ ਕਾਵਿ ਸਫਰ ਦਾ ਆਰੰਭ ਸਮਰਪਣ ਤੋਂ ਹੀ ਸ਼ੁਰੂ ਕੀਤਾ ਪਰ ਉਸ ਨੇ ਸਮਰਪਣ ਤੋਂ ਅੱਗੇ ਜਾ ਕੇ ਔਰਤ ਮਰਦ ਦੇ ਮੁਹੱਬਤ ਭਰੇ ਰਿਸ਼ਤੇ ਵਿਚ ਬਰਾਬਰਤਾ ਦੀ ਦਿਸ਼ਾ ਸਿਰਜਣ ਦਾ ਯਤਨ ਵੀ ਕੀਤਾ। ਉਸ ਦੇ ਪਲੇਠੇ ਗਜ਼ਲ ਸੰਗ੍ਰਹਿ ਨੂੰ ਪੜ੍ਹੀਏ ਤਾਂ ਉਸਦੀ ਨਾਇਕਾ ਦਾ ਪਿਆਰ ਅੱਲੜ ਅਵਸਥਾ ਵਾਲਾ ਹੈ ਜੋ ਮੂੰਹ-ਜ਼ੋਰ ਵੀ ਹੈ ਤੇ ਉਸ ਵਿਚ ਮੜਕ ਵੀ ਹੈ, ਮਾਣ ਵੀ ਤੇ ਹਉਮੈ ਵੀ, ਨਜ਼ਾਕਤ ਵੀ ਤੇ ਨਖਰਾ ਵੀ ਹੈ। ਇਸੇ ਮਾਣ ਸਦਕਾ ਉਹ ਆਖਦੀ ਹੈ : ਤੇਰੇ ਦਿਲ ਨੂੰ ਤਾਂਘ ਸੀ ਜੇ ਵਸਲ ਦੀ ਜਾਗ ਜਾਂਦਾ ਚੂੜੀਆਂ ਦੇ ਸ਼ੋਰ ਤੇ ਉਸ ਦੇ ਅੱਲੜ ਪਿਆਰ ਦਾ ਇਹ ਪਹਿਲਾ ਪੜਾਅ ਹੈ ਜਿਸ ਵਿਚ ਹਉਮੈ ਪ੍ਰਮੁੱਖ ਹੈ ਪਰ ਜਦੋਂ ਹੀ ਪਿਆਰ ਦੇ ਰਸਤੇ ਤੇ ਅਗਾਂਹ ਵਧਦੀ ਹੈ ਤਾਂ ਹਉਮੈ ਖਤਮ ਹੋ ਜਾਂਦੀ ਹੈ ਤੇ ਨਾਇਕਾ ਦਾ ਪਿਆਰ ਵਿਚ ਕੁਰਬਾਨ ਹੋ ਜਾਣ ਨੂੰ ਜੀਅ ਕਰਦੈ। ਉਸਦੇ ਪਿਆਰ ਵਿਚਲੀ ਬਿਹਬਲਤਾ ਏਨੀ ਵਧ ਜਾਂਦੀ ਹੈ ਕਿ ਔਰਤ ਦੀ ਹਉਮੈ ਹੀ ਖਤਮ ਹੋ ਜਾਂਦੀ ਹੈ ਤੇ ਰਾਂਝਾ ਰਾਂਝਾ ਕਰਦੀ ਉਹ ਖੁਦ ਰਾਂਝਾ ਬਣ ਜਾਂਦੀ ਹੈ। ਸੁਖਵਿੰਦਰ ਦੀ ਕਵਿਤਾ ਵਿਚ ਜਿੱਥੇ ਪ੍ਰੇਮ ਵਿਚ ਸਮਰਪਣ ਹੈ ਉਥੇ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਲਈ ਔਰਤ ਵਿਰੋਧੀ ਪੁਰਾਤਨ ਮਰਦਾਵੀਆਂ ਸਭਿਆਚਾਰਕ ਕਦਰਾਂ ਕੀਮਤਾਂ ਜੋ ਔਰਤ ਨੂੰ ਪੈਰ ਦੀ ਜੁੱਤੀ ਸਮਝਦੀਆਂ ਸਨ, ਨੂੰ ਜੁੱਤੀ ਦੀ ਨੋਕ ਤੇ ਲਿਆ ਗਿਆ ਹੈ। ਉਸ ਨੇ ਲਿਖਿਆ :
ਮੈਂ ਉਸ ਦੀ ਪੈੜ ਨਹੀਂ ਕਿ ਛੱਡ ਕੇ ਤੁਰ ਜਾਏਗਾ
ਮੈਨੂੰ ਮੈਂ ਉਸ ਦਾ ਗੀਤ ਹਾਂ ਸਾਰੇ ਸਫਰ ਵਿਚ ਗਾਏਗਾ
ਮੈਨੂੰ ਧੁੱਪ ਦੀ ਚੁੰਨੀ ਦੇ ਸਾਹਿਤ ਮਾਰਕੀਟ ਵਿਚ ਆਉਣ ਨਾਲ ਸੁਖਵਿੰਦਰ ਅੰਮ੍ਰਿਤ ਆਪਣੇ ਕਾਵਿ ਜੋਬਨ ਦੇ ਸਿਖਰ ਵੱਲ ਵਧ ਰਹੀ ਹੈ। ਇਸ ਕਾਵਿ ਸੰਗ੍ਰਹਿ ਵਿਚ ਆਦਿਕਾ ਤੋਂ ਅੰਤਿਕਾ ਤਕ ਕੁੱਲ ਸਤਵੰਜਾ ਕਵਿਤਾਵਾਂ ਹਨ। ਇਸ ਸੰਗ੍ਰਹਿ ਦੀ ਵਿਲੱਖਣਤਾ ਇਹ ਵੀ ਹੈ ਕਿ ਇਸ ਵਿਚ ਕਵਿਤਾ ਦਾ ਇਕ ਰੰਗ ਭਾਰੂ ਹੋਣ ਦੀ ਬਜਾਇ ਬਹੁਰੰਗ ਭਾਰੂ ਹਨ। ਇਸ ਤੋਂ ਪਹਿਲਾਂ ਉਸ ਦੇ ਕਾਵਿ ਵਿਚ ਮੈਂ ਦਾ ਤੂੰ ਨਾਲ ਸੰਵਾਦ ਭਾਰੂ ਸੀ ਪਰ ਤਾਜ਼ਾ ਕਵਿਤਾ ਵਿਚ ਉਹ ਅਤਿ ਦੇ ਨਜ਼ਦੀਕੀ ਰਿਸ਼ਤਿਆਂ ਨਾਲ ਵੱਖਰੇ ਵੱਖਰੇ ਪਹਿਲੂ ਤੋਂ ਸੰਵਾਦ ਰਚਾਉਂਦੀ ਪੰਜਾਬੀ ਫੋਕ ਅਤੇ ਸਭਿਆਚਾਰ ਦੀਆਂ ਤਹਿਆਂ ਫਰੋਲਦੀ ਹੈ। ਆਦਿਕਾ ਤੋਂ ਮਗਰੋਂ ਪਹਿਲੀ ਕਵਿਤਾ ‘ਮਾਵਾਂ ਤੇ ਧੀਆਂ‘ ਵਿਚ ਉਹ ਆਪਣੀ ਮਾਂ ਵੱਲੋਂ ‘ਓਹਲੇ ਬੈਠਕੇ ਧੂੰਏਂ ਦੇ ਪੱਜ ਰੋਣ‘ ਦੇ ਸਿਧਾਂਤ ਨੂੰ ਰੱਦ ਕਰਦਿਆਂ ਆਪਣੇ ਬੀਤੇ ਦੇ ਅਨੁਭਵ ਤੋਂ ਸਬਕ ਸਿੱਖਦਿਆਂ ਆਪਣੀ ਧੀ ਨੂੰ ਆਪਣੀ ਮਾਂ ਦੇ ਉਲਟ ਸਲਾਹ ਦਿੰਦੀ ਹੈ ਕਿਉਂਕਿ ੳਸ ਦੀ ਮਾਂ ਵੱਲੋਂ ਦਰਸਾਈਆਂ ਕਦਰਾਂ ਕੀਮਤਾਂ ਅਪਣਾ ਕੇ ਉਸ ਨੇ ਦੁੱਖ ਪਾਇਆ ਹੈ। ਉਹ ਆਖਦੀ ਹੈ :
ਆਪਣੀਆਂ ਉਡਾਰੀਆਂ ਨੂੰ ਪਿੰਜਰਿਆਂ ਕੋਲ ਗਹਿਣੇ ਨਾ ਧਰੀਂ ਤੂੰ ਆਪਣੇ ਰੁਤਬੇ ਨੂੰ ਏਨਾ ਬੁਲੰਦ ਏਨਾ ਰੌਸ਼ਨ ਕਰੀਂ ਕਿ ਹਰ ਹਨ੍ਹੇਰਾ ਤੈਨੂੰ ਵੇਖ ਕੇ ਤ੍ਰਭਕ ਜਾਵੇ ਹਰ ਦੀਵਾਰ ਤੈਨੂੰ ਵੇਖ ਕੇ ਠਿਠਕ ਜਾਵੇ ਹਰ ਜ਼ੰਜੀਰ ਤੈਨੂੰ ਵੇਖ ਕੇ ਮੜੱਕ ਜਾਵੇ ਤੂੰ ਮਾਣ ਨਾਲ ਜਿਉਂਈਂ ਮਾਣ ਨਾਲ ਮਰੀਂ ਦੀਵਾਰਾਂ ਨਾਲ ਸਮਝੌਤਾ ਹਰਗਿਜ਼ ਨਾ ਕਰੀਂ ਮੇਰੀ ਧੀ ਵੀ ਆਪਣੀ ਧੀ ਨੂੰ ਜ਼ਰੂਰ ਕੁਝ ਨਾ ਕੁਝ ਆਖੇਗੀ ਸ਼ਾਇਦ ਇਸ ਤੋਂ ਵੀ ਵੱਧ ਸੋਹਣਾ ਇਸ ਤੋਂ ਵੀ ਵੱਧ ਮੁਕਤੀ ਅਤੇ ਮੁਹੱਬਤ ਭਰਿਆ ਇਸ ਤਰ੍ਹਾਂ ਇਹ ਦੋ ਪੰਨਿਆਂ ਦੀ ਨਿੱਕੀ ਜਿਹੀ ਕਵਿਤਾ ਉਸ ਦੀ ਆਪਣੀ ਮਾਂ ਤੋਂ ਲੈ ਕੇ ਆਪਣੀ ਦੋਹਤੀ ਤਕ ਭਾਵ ਚਾਰ ਪੀੜ੍ਹੀਆਂ ਤਕ ਬਦਲ ਰਹੀ ਸਥਿਤੀ ਦਾ ਇਤਿਹਾਸ ਕਹਿੰਦੀ ਹੈ। ਇਸ ਵਿਚ ਬੀਤੇ ਦਾ ਦਰਦ ਵੀ ਹੈ, ਵਰਤਮਾਨ ਦਾ ਸੰਘਰਸ਼ ਤੇ ਭਵਿੱਖ ਦਾ ਸੁਨਹਿਰੀ ਸੁਪਨਾ ਵੀ ਸਮਾਇਆ ਹੋਇਆ ਹੈ। ਬੀਤੇ ਵਿਚ ਘੁਟਣ ਜਾਂ ਰੋਕਾਂ ਹਨ, ਵਰਤਮਾਨ ਵਿਚ ਸੰਘਰਸ਼ ਤੇ ਭਵਿੱਖ ਵਿਚ ਮੁਕਤੀ ਦਾ ਦਰਵਾਜਾ। ਇਸ ਤਰ੍ਹਾਂ ਇਹ ਕਵਿਤਾ ਔਰਤ ਦੀਆਂ ਚਾਰ ਪੀੜ੍ਹੀਆਂ ਦੇ ਬਦਲ ਰਹੇ ਇਤਿਹਾਸ ਦੀ ਗਾਥਾ ਹੋ ਜਾਂਦੀ ਹੈ। ਇਸ ਤਰ੍ਹਾਂ ਜੇਕਰ ਉਸ ਦੀ ਕਵਿਤਾ ਦੀ ਗਹਿਰਾਈ ਵਿਚ ਜਾਈਏ ਤਾਂ ਉਹ ਔਰਤ-ਮਰਦ ਦੇ ਭਾਵੁਕ ਪਿਆਰ ਤੋਂ ਅਗਾਂਹ ਜਾ ਕੇ ਔਰਤ ਦੇ ਮਾਨਵੀ ਅਸਤਿੱਤਵ ਨੂੰ ਖੋਰਾ ਲਗਾਉਣ ਵਾਲੀਆਂ ਸ਼ਕਤੀਆਂ ਵਿਰੁੱਧ ਡਟਣ ਦਾ ਵਿਚਾਰਧਾਰਕ ਪੈਂਤੜਾ ਅਖਤਿਆਰ ਕਰਦੀ ਹੈ। ਅਗਲੀ ਕਵਿਤਾ ਅਸੀਸ ਵਿਚ ਪੁੱਤਰ ਨਾਲ ਸੰਵਾਦ ਰਚਾਉਂਦੀ ਹੋਈ ਉਹ ਜੁਆਨ ਪੁੱਤਰ ਦੇ ਜਿ਼ੰਦਗੀ ਦੇ ਸਫਰ ਤੇ ਘਰੋਂ ਪੈਰ ਪੁੱਟਣ ਤੇ ਅਸੀਸ ਦਿੰਦਿਆਂ ਮਰਦਾਵੇਂ ਸੁਭਾਅ ਦੇ ਜਲਦਬਾਜ਼ੀ ਵਿਚ ਭਟਕਣ ਨੂੰ ਕਾਟੇ ਅਧੀਨ ਨਹੀਂ ਲਿਆਉਂਦੀ ਸਗੋਂ ਰਾਮ ਜਿਹੇ ਅਵਤਾਰ ਦੀ ਮਿੱਥ ਤੇ ਕਟਾਖ਼ਸ਼ ਵੀ ਕਰਦੀ ਹੈ ਜਿਸ ਅਨੁਸਾਰ ਸੋਨੇ ਦਾ ਮਿਰਗ ਦੇਖ ਕੇ ਰਾਮ ਵੀ ਭਟਕ ਗਿਆ ਸੀ। ਇਸ ਕਵਿਤਾ ਰਾਹੀਂ ਉਹ ਸਹਿਜੇ ਹੀ ਬਿਆਨ ਕਰ ਜਾਂਦੀ ਹੈ ਕਿ ਸਤਿਯੁਗ ਦਾ ਰਾਮ ਅਤੇ ਕਲਯੁਗ ਦਾ ਮਰਦ ਮੰਡੀ ਦੇ ਮਾਲ ਪਿੱਛੇ ਇਕੋ ਜਿੰਨੇ ਹੀ ਭਟਕ ਜਾਂਦੇ ਹਨ। ਉਹ ਲਿਖਦੀ ਹੈ : ਤੇ ਮੈਂ ਸੋਚਦੀ ਹਾਂ ਤੈਨੂੰ ਆਖਾਂ - ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ, ਸੋਨੇ ਦੇ ਮਿਰਗਾਂ ਮਗਰ ਨਾ ਜਾਈਂ, ਇਹ ਛਲੀਏ ਮਿਰਗ ਤਾਂ ਰਾਮ ਜਿਹੇ ਅਵਤਾਰਾਂ ਨੂੰ ਵੀ ਛਲ ਜਾਂਦੇ ਨੇ ....... ਇਸੇ ਹੀ ਕਵਿਤਾ ਵਿਚ ਅੱਗੇ ਜਾ ਕੇ ਉਹ ਨਸੀਹਤ ਭਾਵੇਂ ਪੁੱਤਰ ਨੂੰ ਕਰਦੀ ਹੈ ਪਰ ਇਸ ਤਰ੍ਹਾਂ ਕਰਦਿਆਂ ਉਹ ਮਰਦ ਦੇ ਖੂਬਸੂਰਤ ਔਰਤ ਨੂੰ ਦੇਖ ਕੇ ਉਲਾਰ ਹੋ ਜਾਣ ਅਤੇ ਅਜਿਹਾ ਕਰਦਿਆਂ ਔਰਤ ਦੇ ਮਾਨਵੀ ਗੁਣਾਂ ਨੂੰ ਅੱਖੋਂ ਪਰੋਖੇ ਕਰਨ ਬਾਰੇ ਚਿੰਤਤ ਹੈ। ਉਹ ਲਿਖਦੀ ਹੈ : ਤਾਂ ਸੋਚਦੀ ਹਾਂ ਤੈਨੂੰ ਆਖਾਂ - ਅੱਖਾਂ ਦੇ ਮਸਕਾਰੇ ਮਗਰ ਨਾ ਜਾਈਂ ਉਹਨਾਂ ਵਿਚ ਜਿ਼ੰਦਗੀ ਦਾ ਦਰਦ ਵੇਖੀਂ ਤੇ ਦਰਦ ਵਿਚ ਗਹਿਰਾਈ....... ਕਵਿਤਾ ਦੀਆਂ ਇਹ ਪੰਕਤੀਆਂ ਰਾਹੀਂ ਸੁਖਵਿੰਦਰ ਨੇ ਅਚੇਤੇ ਹੀ ਮਰਦ ਵੱਲੋਂ ਔਰਤ ਦੇ ਅੰਦਰੂਨੀ ਗੁਣਾਂ ਤੋਂ ਅਨਜਾਣਤਾ ਦੇ ਰਵੱਈਏ ਨੂੰ ਨਿੰਦਦਿਆਂ ਇਹ ਸਾਬਤ ਕੀਤਾ ਹੈ ਕਿ ਅਜੇ ਤਕ ਮਰਦ ਨੇ ਔਰਤ ਦੇ ਦਰਦ ਦੀ ਗਹਿਰਾਈ ਮਾਪਣ ਦੀ ਜਾਚ ਹੀ ਨਹੀਂ ਸਿੱਖੀ। ਇਸ ਤਰ੍ਹਾਂ ਉਸ ਦੀਆਂ ਇਹ ਦੋਵੇਂ ਕਵਿਤਾਵਾਂ ਉਸ ਦੀ ਕਾਵਿ ਪ੍ਰਤਿਭਾ ਦੀ ਪਕਿਆਈ ਦੀ ਸ਼ਾਹਦੀ ਭਰਦੀਆਂ ਹਨ। ਇਸ ਤੋਂ ਅੱਗੇ ਉਸ ਦੀ ਕਵਿਤਾ ਮੇਲਾ ਵੇਖਣ ਜਾਂਦੀਓ ਕੁੜੀਓ ! ਵਿਚ ਮੇਲੇ ਦੇ ਮੈਟਾਫਰ ਰਾਹੀਂ ਪੰਜਾਬੀ ਸਮਾਜ ਦੇ ਔਰਤ ਵਿਰੋਧੀ ਮਰਦਾਵੇਂ ਸੁਭਾਅ ਅਤੇ ਅਮਾਨਵੀ ਚਿਹਰੇ ਤੇ ਝਾਤ ਪਵਾਈ ਹੈ : ਕਿ ਮੇਲੇ ਵਿਚ ਬਹੁਤ ਭੀੜ ਹੈ ਭੀੜ ਹੈ - ਚੂੰਢੀਆਂ ਦੀ ਨਹੁੰਦਰਾਂ ਦੀ ਅਸ਼ਲੀਲ ਨਜ਼ਰਾਂ ਦੀ ਕੋਝੇ ਮਜ਼ਾਕਾਂ ਦੀ ਲੱਚਰ ਬੋਲਾਂ ਦੀ ਦਰਅਸਲ ਔਰਤ ਵਿਚ ਸਮਾਜ ਵਿਚ ਵਿਚਰਦਿਆਂ ਆਪਣੀ ਮਰਜ਼ੀ ਦਾ ਸਾਥੀ ਚਾਹੁੰਦੀ ਹੈ ਅਤੇ ਉਹ ਮਨ ਹੀ ਮਨ ਇਸ ਦੀ ਤਲਾਸ਼ ਵਿਚ ਹੈ ਪਰ ਸਮਾਜ ਰੂਪੀ ਮੇਲੇ ਵਿਚ ਵਿਚਰਦਿਆਂ ਉਸ ਦਾ ਟਾਕਰਾ ਵਿਰੋਧੀ ਪ੍ਰਸਥਿਤੀਆਂ ਨਾਲ ਹੁੰਦਾ ਹੈ ਤਾਂ ਉਸ ਦਾ ਮੁਹੱਬਤ ਭਰੀ ਜਿ਼ੰਦਗੀ ਜਿਉਣ ਦਾ ਸੁਪਨਾ ਟੁੱਟ ਜਾਂਦਾ ਹੈ ਤੇ ਪੰਜਾਬੀ ਸਮਾਜ ਦਾ ਮਰਦਾਵਾਂ ਕਰੂਪ ਚਿਹਰਾ ਸਾਹਮਣੇ ਆਉਂਦਾ ਹੈ। ਇਸ ਮਰਦਾਵੀਂ ਦਹਿਸ਼ਤ ਅਧੀਨ ਉਹ ਉਮਰ ਦੇ ਹਰ ਪੜਾਅ ਤੇ ਹਰ ਰਿਸ਼ਤੇ ਤੋਂ ਤ੍ਰਹਿੰਦੀ ਹੈ : ਤੇ ਅਚਾਨਕ ਖ਼ਲਨਾਇਕ ‘ਚ ਬਦਲ ਜਾਏਗੀ ਤੁਹਾਡੇ ਖਿ਼ਆਲਾਂ ਵਿਚ ਵਸਦੀ ਤੁਹਾਡੇ ਸ਼ਹਿਜ਼ਾਦੇ ਦੀ ਤਸਵੀਰ ਤੁਸੀਂ ਹੋ ਜਾਓਗੀਆਂ ਮਹਾਂ-ਉਦਾਸ ਅੱਤ ਦਿਲਗੀਰ ਤੇ ਡਰ ਜਾਓਗੀਆਂ ਘਰ ਆ ਕੇ ਮੇਲਾ ਵੇਖ ਕੇ ਮੁੜੇ ਜੁਆਨ ਵੀਰੇ ਤੋਂ ਸੁਖਵਿੰਦਰ ਅੰਮ੍ਰਿਤ ਦੀ ਕਾਵਿ ਵਿਲੱਖਣਤਾ ਇਸ ਵਿਚ ਹੈ ਕਿ ਉਸ ਦੀ ਕਾਵਿ ਨਾਇਕਾ ਕੇਵਲ ਮੁਹੱਬਤ ਭਰੀ ਜਿ਼ੰਦਗੀ ਹੀ ਨਹੀਂ ਜਿਉਣਾ ਚਾਹੁੰਦੀ ਸਗੋਂ ਉਹ ਆਪਣੇ ਅਸਤਿੱਤਵ ਨੂੰ ਬਰਕਰਾਰ ਰੱਖਣਾ ਚਾਹੁੰਦੀ ਹੈ। ਇਸ ਅਸਤਿੱਤਵ ਨੂੰ ਬਰਕਰਾਰ ਰਖਦਿਆਂ ਨਾਇਕ ਦੀ ਤਲਾਸ਼ ਕਰਨ ਸਮੇਂ ਸਭਿਆਚਾਰਕ ਕੀਮਤ ਪ੍ਰਬੰਧ ਰਾਹ ਰੋਕਦਾ ਹੈ। ਸੂਹਾ ਗੁਲਾਬ ਕਵਿਤਾ ਵਿਚ ਉਹ ਆਪਣੀ ਧੀ ਦੇ ਸੂਹਾ ਗੁਲਾਬ ਮੰਗਣ ਰਾਹੀਂ ਆਪਣੇ ਅਗਲੀ ਪੀੜ੍ਹੀ ਦੇ ਆਪਣੀ ਮਰਜ਼ੀ ਦੇ ਮਰਦ ਦੀ ਤਲਾਸ਼ ਦੀ ਅਭਿਲਾਸ਼ਾ ਨੂੰ ਤ੍ਰਿਸਕਾਰਦੀ ਨਹੀਂ ਤੇ ਵਡਿਆਉਂਦੀ ਵੀ ਨਹੀਂ ਪਰ ਉਹ ਇਸ ਮੁਸ਼ਕਲਾਂ ਭਰੇ ਪੈਂਡੇ ਬਾਰੇ ਚੌਕਸ ਕਰਦੀ ਹੈ : ਕਿ ਬਹੁਤ ਮੁਸ਼ਕਲ ਹੁੰਦਾ ਹੈ ਏਥੋਂ ਸੂਹਾ ਗੁਲਾਬ ਲੱਭਣਾ ਪੁੜ ਜਾਂਦੀਆਂ ਨੇ ਪੈਰਾਂ ਵਿਚ ਸੂਲਾਂ ਵਿੰਨ੍ਹੇ ਜਾਂਦੇ ਨੇ ਹੱਥ ਪਰੁੰਨੀ ਜਾਂਦੀ ਹੈ ਕਾਇਆ ਵਲੂੰਧਰਿਆ ਜਾਂਦਾ ਹੈ ਮਨ ਤੇ ਤਾਰ ਤਾਰ ਹੋ ਜਾਂਦੀਆਂ ਨੇ ਸਿਰਾਂ ਦੀਆਂ ਚੁੰਨੀਆਂ ਕਿਸੇ ਵਡਭਾਗੀ ਨੂੰ ਹੀ ਮਿਲਦਾ ਹੈ ਸੂਹਾ ਗੁਲਾਬ ਅਸਲ ਵਿਚ ਇਹ ਉਸ ਦੀ ਔਰਤ ਵੱਲੋਂ ਮਨ ਦੇ ਮਰਦ ਦੀ ਤਲਾਸ਼ ਦੀ ਖਿਆਲ ਉਡਾਰੀ ਨਹੀਂ ਹੈ ਸਗੋਂ ਉਹ ਔਰਤ ਅਤੇ ਮਰਦ ਦੇ ਵਿਚਕਾਰ ਬਰਾਬਰਤਾ ਤੇ ਮੁਹੱਬਤ ਭਰਿਆ ਰਿਸ਼ਤਾ ਕਾਇਮ ਕਰਦੇ ਇਕ ਸੰਤੁਲਿਤ ਸਮਾਜ ਸਿਰਜਣ ਦੀ ਲੋਚਾ ਦਾ ਇਜ਼ਹਾਰ ਕਰਦੀ ਹੈ : ਪਰ ਮਿਲ ਜਾਂਦਾ ਹੈ ਜਦ ਸੂਹਾ ਗੁਲਾਬ ਤਾਂ ਹੱਥਾਂ ਚੋਂ ਸਿੰਮਦਾ ਲਹੂ ਹੀ ਬਣ ਜਾਂਦਾ ਹੈ ਇਲਾਹੀ ਮਹਿੰਦੀ ਪਹੁੰਚਿਆਂ ਨੂੰ ਲੱਗਿਆ ਲੇਹਾ ਛਣਕ ਉਠਦਾ ਹੈ ਪੰਜੇਬਾਂ ਵਾਂਗੂੰ ਤਾਰੋ ਤਾਰ ਹੋਇਆ ਦਾਮਨ ਬਣ ਜਾਂਦਾ ਹੈ ਖੁਸ਼ੀ ਦਾ ਪਰਚਮ ਪੂੰਜੀਵਾਦੀ ਆਧੁਨਿਕ ਦੌਰ ਵਿਚ ਸਮੁੱਚਾ ਮਨੁੱਖ ਹੀ ਮੰਡੀ ਦੀ ਵਸਤ ਹੈ। ਮਾਰਕਸਵਾਦੀ ਧਾਰਨਾ ਅਨੁਸਾਰ ਆਰਥਿਕ ਤੌਰ ਤੇ ਆਜ਼ਾਦੀ ਤੋਂ ਬਿਨਾ ਔਰਤ ਸਮਾਜਿਕ ਬਰਾਬਰੀ ਵੱਲ ਨਹੀਂ ਵਧ ਸਕਦੀ। ਜਾਗੀਰੂ ਸਮਾਜ ਵਿਚ ਮਰਦ ਤੇ ਆਸ਼ਰਿਤ ਔਰਤ ਇਕ ਬੇਜ਼ੁਬਾਨ ਗਊ ਹੈ ਜਿਸ ਨੂੰ ਪੂਜਾ ਦੇ ਧਾਨ ਵਜੋਂ ਪੇੜਾ(ਰੋਟੀ) ਦਿੱਤਾ ਜਾਂਦਾ ਹੈ। ਇਸੇ ਸੰਗ੍ਰਹਿ ਵਿਚ ਸੁਪਨਾ ਕਵਿਤਾ ਵਿਚ ਉਸ ਨੇ ਗਊ ਅਤੇ ਕਿਸੇ ਤੇ ਆਸ਼ਰਿਤ ਔਰਤ ਦੇ ਸਮਾਜਿਕ ਮੁੱਲ ਦੀ ਸਮਾਨਤਾ ਵੱਲ ਇਸ਼ਾਰਾ ਕੀਤਾ ਹੈ। ਪੁਰਾਤਨ ਔਰਤ ਸਭਿਆਚਾਰ ਦੀਆਂ ਅਦਿੱਖ ਜੰਜ਼ੀਰਾਂ ਨਾਲ ਬੱਝੀ ਹੋਈ ਹੈ ਜਦੋਂ ਕਿ ਅਗਲੀ ਪੀੜ੍ਹੀ ਦੀ ਆਧੁਨਿਕ ਔਰਤ ਸਾਰੀ ਸਥਿਤੀ ਨੂੰ ਸਮਝਦੀ ਹੈ : ਸੱਸ ਕਹਿੰਦੀ - ਕੁਛ ਨੀ ਧੀਏ ! ਕਦੇ ਕਦਾਈਂ ਗਊ ਨੂੰ ਪੇੜਾ ਦੇ ਦਿਆ ਕਰ ਕੋਈ ਪਿਛਲੇ ਜਨਮ ਦਾ ਹਥੋਂ ਦੇਣਾ ਰਹਿੰਦਾ ਹੁੰਦਾ .... ਤੇ ਧੀ ਆਖਦੀ - ਗਊ ਨੂੰ ਪੇੜਾ ਦਿੱਤਿਆਂ ਕੁਝ ਨਹੀਂ ਹੋਣਾ, ਮੰਮੀ ! ਅਸਲ ਵਿਚ ਇਹ ਗਊਆਂ ਨਹੀਂ ਇਹ ਤਾਂ ਗਊਆਂ ਦੇ ਭੇਸ ਵਿਚ ਉਹ ਕੁੜੀਆਂ ਜਿਹਨਾਂ ਬਾਰੇ ਤੁਸੀਂ ਅਕਸਰ ਕਹਿੰਦੇ ਜੁਗਾਂ ਜੁਗਾਂ ਤੋਂ ਮਰਿਆਦਾ ਦੇ ਕਿੱਲਿਆਂ ਨਾਲ ਬੱਝੀਆਂ ਹੋਈਆਂ ਧਰਤੀ ਦੀਆਂ ਧੀਆਂ ਵਿਸ਼ੇ ਪੱਖੋਂ ਜਿਥੇ ਅੰਮ੍ਰਿਤ ਦੀ ਕਵਿਤਾ ਨਾਰੀ-ਭਾਵ ਮੰਡਲ ਨਾਲ ਜਾ ਜੁੜਦੀ ਹੈ ਉਥੇ ਰੂਪ ਪੱਖੋਂ ਵੀ ਉਸਦੀ ਕਵਿਤਾ ਵਿਚ ਜਿੱਥੇ ਪੂਰਵ ਪ੍ਰਚੱਲਤ ਬਿੰਬ ਵਰਤੇ ਗਏ ਹਨ ਉਥੇ ਉਸਨੇ ਨਾਰੀ-ਭਾਵਾਂ ਨੂੰ ਪੇਸ਼ ਕਰਦੇ ਬਿੰਬ ਟਾਹਣੀ, ਚੁੰਨੀ, ਛੁਰੀ, ਮਛਲੀ, ਤਲਵਾਰ, ਪੌਣ, ਨਦੀ, ਪੱਤੀਆਂ, ਕਲੀ, ਚੂੜੀਆਂ, ਬੰਸਰੀ, ਤਿਤਲੀ, ਹਵਾ, ਵੰਝਲੀ, ਕੁਰਸੀ, ਆਦਿ ਵਰਤੇ ਹਨ। ਉਸ ਦੀ ਕਾਵਿ-ਵਿਲੱਖਣਤਾ ਇਸ ਗੱਲ ਵਿਚ ਵੀ ਨਿਹਿਤ ਹੈ ਕਿ ਉਸਨੇ ਗ਼ਜ਼ਲ ਵਿਚ ਔਰਤ-ਮਰਦ ਨੂੰ ਨਵੇਂ ਵਿਰੋਧੀ ਜਾਂ ਪੂਰਕ ਬਿੰਬਾਂ ਜਿਵੇਂ ਚੁੰਨੀ-ਦਸਤਾਰ, ਟੋਪੀ-ਦਸਤਾਰ, ਛੁਰੀ-ਢਾਲ, ਫੁੱਲ-ਖਾਰ, ਕਿੱਕਰ-ਅੰਬ, ਬਾਂਦੀ-ਰਾਣੀ, ਸਹਿਰਾ-ਸਮੁੰਦਰ-ਪਾਣੀ, ਸਮੁੰਦਰ-ਪਿਆਸ, ਥਲ-ਸਮੁੰਦਰ ਜਾਂ ਨਦੀ, ਬਰਸਾਤ-ਤਪਣ, ਜੁਗਨੂ-ਹਨੇਰਾ, ਦੀਵਾ-ਹਨੇਰਾ, ਰੋਸ਼ਨੀ-ਹਨੇਰਾ, ਹੀਰਾ-ਕੱਚ, ਸ਼ਮਾ-ਬੇਨੂਰ, ਸਹਿਰਾ-ਪਿਆਸ-ਪਾਣੀ, ਹਵਾ-ਚਿਰਾਗ਼, ਗਰਦਣ-ਖੰਜਰ, ਹਨੇਰਾ-ਸਵੇਰਾ, ਨਾਗਣੀ ਪਰਾਂਦੀ-ਸਪੇਰਾ, ਝਰਨਾ-ਥਲ, ਛਾਵਾਂ-ਤਪਣ/ਧੁੱਪ, ਕਲੀ-ਭੌਰ, ਸ਼ਮਾ-ਪਰਵਾਨਾ,ਮਿਠਾਸ-ਕੁੜੱਤਣ, ਮੁਸਕਾਨ-ਹੰਝੂ, ਝਾਂਜਰ-ਬੇੜੀ, ਚੂੜੀਆਂ-ਹਥਕੜੀ, ਲੂਣ(ਜ਼ਖ਼ਮਾਂ ਤੇ)-ਦਵਾ, ਕਲੀ-ਖ਼ਾਰ, ਪਿੰਜਰਾ-ਖੰਭ, ਥਲ-ਘਟਾ, ਅੱਗ-ਠੰਡ, ਪਿਆਸ-ਚਸ਼ਮਾ, ਸੁੰਦਰਾਂ-ਮੁੰਦਰਾਂ, ਗਗਨ-ਘਟਾ ਵਿਚ ਬੰਨਿਆ ਹੈ। ਇਸ ਤਰ੍ਹਾਂ ਦੇ ਉਦਾਹਰਨ ਉਸ ਦੀ ਕਵਿਤਾ ਵਿਚ ਹਰ ਥਾਂ ਮੌਜੂਦ ਹਨ: ਝਾਂਜਰਾਂ ਦੇ ਰੂਪ ਵਿਚ ਨੇ ਬੇੜੀਆਂ ਚੂੜੀਆਂ ਦੇ ਰੂਪ ਵਿਚ ਹੈ ਹਥਕੜੀ (ਸੂਰਜ ਦੀ ਦਹਿਲੀਜ) ਪਾ ਲਈਆਂ ਜਿਨ੍ਹਾ ਨੇ ਕੰਨੀ ਮੁੰਦਰਾਂ ਉਹਨਾਂ ਨੇ ਕੀ ਸੁੰਦਰਾਂ ਤਕ ਪਹੁੰਚਣਾ (ਸੂਰਜ ਦੀ ਦਹਿਲੀਜ) ਸਮੁੱਚੇ ਰੂਪ ਵਿਚ ਆਖਿਆ ਜਾ ਸਕਦਾ ਹੈ ਕਿ ਸੁਖਵਿੰਦਰ ਅੰਮ੍ਰਿਤ ਪੰਜਾਬੀ ਕਵਿਤਾ ਵਿਚ ਅਤੇ ਖਾਸ ਕਰਕੇ ਕਵਿੱਤਰੀਆਂ ਵਿਚ ਮਹੱਤਵਪੂਰਨ ਨਾਂ ਹੈ ਜਿਸਨੇ ਭਾਵੇਂ ਪ੍ਰਮੁੱਖਤਾ ਔਰਤ-ਮਰਦ ਸਬੰਧਾਂ ਵਿਚ ਪਿਆਰ ਨੂੰ ਦਿੱਤੀ ਪਰ ਦੂਸਰੇ ਸਮਾਜਕ ਸਰੋਕਾਰ ਵੀ ਉਸ ਦੀਆਂ ਨਜ਼ਰਾਂ ਤੋਂ ਪਰੋਖੇ ਨਹੀਂ ਹਨ ਸਗੋਂ ਦਿਲਚਸਪ ਗੱਲ ਇਹ ਹੈ ਕਿ ਉਸ ਨੇ ਔਰਤ-ਮਰਦ ਪਿਆਰ ਸਬੰਧਾਂ ਦੀ ਸੰਵੇਦਨਸ਼ੀਲ ਭਾਵੁਕਤਾ ਨੂੰ ਫੈਲਾਅ ਵਿਚ ਹੀ ਨਹੀਂ ਦੇਖਿਆ ਸਗੋਂ ਉਸਨੇ ਅਚੇਤੇ ਹੀ ਇਸਨੂੰ ਸਮਾਜਕ ਪ੍ਰਬੰਧ ਵਿਚ ਰੱਖ ਕੇ ਬੌਧਿਕ ਗਹਿਰਾਈ ਵੀ ਮਾਪੀ ਹੈ। ਤਸੱਲੀ ਵਾਲੀ ਗੱਲ ਇਹ ਹੈ ਕਿ ਉਹ ਬੌਧਿਕ ਗਹਿਰਾਈ ਮਾਪਦਿਆਂ ਨਾ ਤਾਂ ਨਵੇਂ ਬੌਧਿਕ ਸੰਕਲਪਾਂ ਦਾ ਆਸਰਾ ਲੈਂਦੀ ਹੈ ਅਤੇ ਨਾ ਹੀ ਉਹ ਕਿਸੇ ਵਿਸ਼ੇਸ ਰਾਜਸੀ ਜਾਂ ਲਿੰਗਕ਼ ਵਿਚਾਰਧਾਰਾ ਦਾ ਨਾਅਰਾ ਲਗਾਉਂਦੀ ਹੈ ਸਗੋਂ ਉਹ ਵੱਡੇ ਦਾਰਸ਼ਨਿਕ ਮਸਲਿਆਂ ਨੂੰ ਵੀ ਸਹਿਜ ਹੀ ਕਾਵਿ-ਬਿੰਬਾਂ ਵਿਚ ਢਾਲ ਦਿੰਦੀ ਹੈ ਅਤੇ ਕਿਸੇ ਵੀ ਕਵੀ ਦੀ ਸਮਰਥਾ ਇਸੇ ਕਲਾ ਵਿਚ ਛੁਪੀ ਹੁੰਦੀ ਹੈ। ਇਸ ਕਲਾ ਦਾ ਸੁਖਵਿੰਦਰ ਅੰਮ੍ਰਿਤ ਕੋਲ ਕੋਈ ਘਾਟਾ ਨਹੀਂ, ਇਸੇ ਵਿਚ ਉਸਦੀ ਸ਼ਾਨ ਹੈ, ਇਹੀ ਪੰਜਾਬੀ ਕਵਿਤਾ ਦਾ ਮਾਣ ਹੈ। ਧੁੱਪ ਦੀ ਚੁੰਨੀ ਰਾਹੀਂ ਉਸ ਦੀ ਕਾਵਿ-ਪ੍ਰਤਿਭਾ ਪੰਜਾਬੀ ਕਾਵਿ ਮੰਡਲ ਵਿਚ ਧਰੂ-ਤਾਰੇ ਵਾਂਗੂੰ ਸਥਾਈ ਤੌਰ ਤੇ ਟਿਕਣ ਦੀ ਸਮਰਥਾ ਰਖਦੀ ਹੈ।
ਚਰਨਜੀਤ ਕੌਰ(ਡਾ) ਖ਼ਾਲਸਾ ਕਾਲਜ, ਪਟਿਆਲਾ।

2 Comments:
At 8:33 AM ,
Pf. HS Dimple said...
ਮੈਂ ਸੁਖਵਿੰਦਰ ਅੰਮ੍ਰਿਤ ਨੂੰ ਪੜ੍ਹਿਆ ਹੈ, ਪਰ ਮੈਨੂੰ ਉਸ ਦੀਆਂ ਗਜ਼ਲਾਂ ਅਤੇ ਨਜ਼ਮਾਂ ਵਿਚ ਸੁਰਜੀਤ ਪਾਤਰ ਦੀ ਅਸਫ਼ਲ ਨਕਲ ਕਰਨ ਦੀ ਕਲੋਸਿ਼ਸ਼ ਹੀ ਜਾਪਦੀ ਹੈ। ਬਾਕੀ ਸਭ ਦਾ ਆਪਣਾ ਆਪਣਾ ਨਜ਼ਰੀਆ ਹੁੰਦਾ ਹੈ, ਪਰ ਮੈਂ ਪਾਤਰ ਅਤੇ ਵਿਜੈ ਵਿਵੇਕ ਦੀ ਸ਼ਾਇਰੀ ਦਾ ਕਾਇਲ ਹਾਂ।
At 8:34 AM ,
Pf. HS Dimple said...
ਮੈਂ ਸੁਖਵਿੰਦਰ ਅੰਮ੍ਰਿਤ ਨੂੰ ਪੜ੍ਹਿਆ ਹੈ, ਪਰ ਮੈਨੂੰ ਉਸ ਦੀਆਂ ਗਜ਼ਲਾਂ ਅਤੇ ਨਜ਼ਮਾਂ ਵਿਚ ਸੁਰਜੀਤ ਪਾਤਰ ਦੀ ਅਸਫ਼ਲ ਨਕਲ ਕਰਨ ਦੀ ਕੋਸਿ਼ਸ਼ ਹੀ ਜਾਪਦੀ ਹੈ। ਬਾਕੀ ਸਭ ਦਾ ਆਪਣਾ ਆਪਣਾ ਨਜ਼ਰੀਆ ਹੁੰਦਾ ਹੈ, ਪਰ ਮੈਂ ਪਾਤਰ ਅਤੇ ਵਿਜੈ ਵਿਵੇਕ ਦੀ ਸ਼ਾਇਰੀ ਦਾ ਕਾਇਲ ਹਾਂ।
Post a Comment
Subscribe to Post Comments [Atom]
<< Home